
ਸੰਯੁਕਤ ਰਾਸ਼ਟਰ (26 ਸਤੰਬਰ , 2014): ਕਸ਼ਮੀਰ ਦਾ ਮਸਲਾ ਭਾਰਤ ਅਤੇ ਪਾਕਿਸਤਾਨ ਵਿੱਚਕਾਰ 1947 ਤੋਂ ਹੀ ਤਣਾਅ ਦਾ ਕਾਰਣ ਬਣਿਆ ਹੋਇਆ ਹੈ।ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਦੱਸਦਾ ਹੈ ਅਤੇ ਪਾਕਿਸਤਾਨ ਇਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਕਸ਼ਮੀਰੀ ਮੁਸਲਮਾਨ ਇੱਕ ਖੁਦਮੁਖਿਤਿਆਰੀ ਚਾਹੁੰਦੇ ਹਨ।
ਸੰਯੁਕਤ ਰਾਸ਼ਟਰ ਵਿੱਚ ਇਸਦੀ ਮਹਾਂਸਭਾ ਦਾ ਇਜਲਾਸ ਚੱਲ ਰਿਹਾ ਹੈ। ਇਸ ਇਜਲਾਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਫਿਰ ਸਯੁੰਕਤ ਰਾਸ਼ਟਰ ਦੇ ਜਨਰਲ ਇਜਲਾਸ ‘ਚ ਕਸ਼ਮੀਰ ਦਾ ਮੁੱਦਾ ਉਠਾਇਆ ਅਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਦੇਸ਼ੀ ਸਕੱਤਰਾਂ ਵਿਚਾਲੇ ਰੱਦ ਹੋਈ ਗੱਲਬਾਤ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਨੇ ਫਿਰ ਮੌਕਾ ਗਵਾ ਲਿਆ ਅਤੇ ਉਨ੍ਹਾਂ ਗੱਲਬਾਤ ਰੱਦ ਹੋਣ ਲਈ ਭਾਰਤ ਨੂੰ ਦੋਸ਼ੀ ਠਹਿਰਾਇਆ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਸ਼ਮੀਰ ਦੇ ‘ਮੂਲ’ ਮੁੱਦੇ ‘ਤੇ ਪਰਦਾ ਨਹੀਂ ਪਾਇਆ ਜਾ ਸਕਦਾ ਅਤੇ ਪਾਕਿਸਤਾਨ ਗੱਲਬਾਤ ਰਾਹੀਂ ਇਸ ਮੁੱਦੇ ਦੇ ਹੱਲ ਲਈ ਤਿਆਰ ਹੈ । ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਲਈ ਕਸ਼ਮੀਰ ਮੁੱਦਾ ਸੁਲਝਾਇਆ ਜਾਣਾ ਜ਼ਰੂਰੀ ਹੈ, ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮੁੱਦੇ ਨੂੰ ਹੱਲ ਕਰਵਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।
ਨਵਾਜ਼ ਸ਼ਰੀਫ ਨੇ ਕਸ਼ਮੀਰ ‘ਚ ਰਾਏ ਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਅਤੇ ਭਾਰਤ ਨੂੰ ਤਾਅਨਾ ਮਾਰਦਿਆਂ ਸ਼ਰੀਫ ਨੇ ਕਿਹਾ ਕਿ, ਜੰਮ-ਕਸ਼ਮੀਰ ‘ਚ ਰਾਏ ਸ਼ੁਮਾਰੀ ਕਰਵਾਉਣ ਦੇ ਲਈ ਸੰਯੁਕਤ ਰਾਸ਼ਟਰ ਵੱਲੋਂ ਮਤਾ ਪਾਸ ਕੀਤੇ ਨੂੰ 6 ਦਹਾਕਿਆਂ ਤੋਂ ਵੱਧ ਸਮਾ ਹੋ ਗਿਆ ਹੈ, ਪ੍ਰੰਤੂ ਜੰਮੂ-ਕਸ਼ਮੀਰ ਦੇ ਲੋਕ ਅਜੇ ਵੀ ਇਸ ਵਾਅਦੇ ਦੇ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ’।
ਸ਼ਰੀਫ ਨੇ ਕਿਹਾ ਕਿ ਅਸੀ ਕਸ਼ਮੀਰ ਦੇ ਮੁੱਦੇ ‘ਤੇ ਪਰਦਾ ਨਹੀਂ ਪਾ ਸਕਦੇ, ਜਦੋਂ ਤੱਕ ਇਸ ਦਾ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇੱਛਾਵਾਂ ਅਨੁਸਾਰ ਹੱਲ ਨਹੀਂ ਹੰਦਾ । ਇਸ ਦੌਰਾਨ ਨਵਾਜ਼ ਸ਼ਰੀਫ ਨੇ ਅੱਤਵਾਦ ਨੂੰ ਅੰਤਰਰਾਸ਼ਟਰੀ ਸਮੱਸਿਆ ਦੱਸਿਆ। ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨਾਲ ਮੀਟਿੰਗ ਦੌਰਾਨ ਵੀ ਕਸ਼ਮੀਰ ਮੁੱਦਾ ਉਠਾਇਆ।