ਨਵੀਂ ਦਿੱਲੀ( 25 ਮਈ 2014): ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਨਰਿੰਦਰ ਮੌਦੀ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਨੂੰ ਸੱਦਾ ਦੇਣ ਤੋਂ ਗੁੱਸੇ ਤਾਮਿਲਨਾਡੁ ਦੀ ਮੁੱਖ ਮੰਤਰੀ ਜੈਲਲਿਤਾ ਨਰਿੰਦਰ ਮੋਦੀ ਦੇ ਸਹੁੰ ਚੁਕ ਸਮਾਗਮ ਵਿਚ ਹਾਜ਼ਰ ਨਹੀਂ ਹੋਵੇਗੀ ਅਤੇ ਨਾ ਹੀ ਅਪਣਾ ਕੋਈ ਵੀ ਨੁਮਾਇੰਦਾ ਭੇਜੇਗੀ।
ਜਾਣਕਾਰੀ ਮੁਤਾਬਿਕ ਜੈਲਲਿਤਾ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੂੰ ਬੁਲਾਵਾ ਦੇਣ ਦਾ ਵਿਰੋਧ ਕਰ ਚੁਕੀ ਹੈ ਅਤੇ ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਚੇਨਈ ਵਿਚ ਰਾਜਪਕਸ਼ੇ ਵਿਰੁਧ ਮੁਜ਼ਾਹਰੇ ਹੋਣੇ ਵੀ ਸ਼ੁਰੂ ਹੋ ਗਏ ਹਨ। ਮੋਦੀ ਅਤੇ ਜੈਲਲਿਤਾ ਦੇ ਆਪਸੀ ਤਾਲੁਕਾਤ ਬਹੁਤ ਵਧੀਆ ਹਨ ਪਰ ਜੈਲਲਿਤਾ ਨੇ ਰਾਜਪਕਸ਼ੇ ਦੇ ਆਉਣ ਕਰ ਕੇ ਇਹ ਫ਼ੈਸਲਾ ਲਿਆ ਹੈ ਕਿ ਉਹ ਅਤੇ ਉਨ੍ਹਾਂ ਦਾ ਕੋਈ ਵੀ ਬੁਲਾਰਾ ਸਹੁੰ ਚੁਕ ਸਮਾਗਮ ਵਿਚ ਹਾਜ਼ਰ ਨਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦਾ ਮੁੱਦਾ ਤਾਮਿਲਾਂ ਲਈ ਬਹੁਤ ਅਹਿਮੀਅਤ ਵਾਲਾ ਮੁੱਦਾ ਹੈ। ਤਮਿਲਨਾਡੂ ਦਾ ਤਮਿਲ ਭਾਈਚਾਰਾ ਸ਼੍ਰੀ ਲੰਕਾ ਵਿੱਚ ਉਥੋਂ ਦੇ ਰਾਸ਼ਟਰਪਤੀ ਨਹਿੰਦਰਾ ਰਾਜਪਕਸ਼ੇ ਨੂੰ ਐੱਲ.ਟੀ.ਟੀ ਈ. ਦੀ ਮੂਵਮੈਂਟ ਦੌਰਾਨ ਹੋਈ ਜੰਗ ਵਿੱਚ ਤਲਿਮ ਭਾਈਚਾਰੇ ਦੇ ਹਤਿੱਆਰੇ ਵਜੋਂ ਵੇਖਦੀ ਹੈ।
ਜੈਲਲਿਤਾ ਨੇ ਕਿਹਾ ਕਿ ਮੋਦੀ ਨੇ ਰਾਜਪਕਸ਼ੇ ਨੂੰ ਬੁਲਾਉਣ ਦਾ ਫ਼ੈਸਲਾ ਗਲਤ ਸਲਾਹ ਨਾਲ ਲਿਆ ਹੈ ਤੇ ਇਸ ਫ਼ੈਸਲੇ ਤੋਂ ਬਚਿਆ ਵੀ ਜਾ ਸਕਦਾ ਸੀ। ਇਸ ਦੇ ਨਾਲ ਹੀ ਐਨ.ਡੀ.ਏ ਦੀ ਭਾਈਵਾਲ ਡੀ.ਐਮ.ਕੇ ਅਤੇ ਤਾਮਿਲਨਾਡੁ ਦੇ ਵਿਰੋਧੀ ਧਿਰਾਂ ਨੇ ਵੀ ਰਾਜਪਕਸ਼ੇ ਨੂੰ ਬੁਲਾਉਣ ਦਾ ਵਿਰੋਧ ਸ਼ੁਰੂ ਕਰ ਦਿਤਾ ਹੈ।
ਇਸੇ ਤਰ੍ਹਾਂ ਭਾਜਪਾ ਦੀ ਇਕ ਹੋਰ ਭਾਈਵਾਲ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਆਉਣ ਕਰ ਕੇ ਸਹੁੰ ਚੁਕ ਸਮਾਗਮ ਵਿਚ ਹਾਜ਼ਰੀ ਨਾ ਭਰਨ ਬਾਰੇ ਫ਼ੈਸਲਾ ਕਰ ਰਹੇ ਹਨ। ਸ਼ਿਵ ਸੈਨਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਦੀ ਭਾਰਤ ਵਿਰੋਧੀ ਨਿਤੀਆਂ ਦਾ ਵਿਰੋਧ ਕਰਦੀ ਰਹੀ ਹੈ