ਐਡੀਲੇਡ (21 ਜੂਨ, 2015): ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦੀ ਚੜ੍ਹਦੀ ਕਲਾ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਐਲਨਬਾਏ ਗਾਰਡਨ ਵਿਖੇ ਧਾਰਮਿਕ ਦੀਵਾਨ ‘ਚ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਸੰਘਰਸ਼ ਦੀ ਕਾਮਯਾਬੀ ਲਈ ਬਾਪੂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ।

ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਪੂ ਸੂਰਤ ਸਿੰਘ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਦੇ ਹੋਏ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ ।
ਸਜ਼ਾ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਪੂਰੀ ਕੌਮ ਦਾ ਸੰਘਰਸ਼ ਦੱਸਦਿਆ ਸੰਗਤਾਂ ਨੂੰ ਦੇਸ਼-ਵਿਦੇਸ਼ ਵਿਚ ਬਾਪੂ ਸੂਰਤ ਸਿੰਘ ਦੀ ਚੜ੍ਹਦੀ ਕਲਾ ਲਈ ਪਾਠ ਕਰਨ ਲਈ ਕਿਹਾ ਤਾਂ ਕਿ ਸੰਘਰਸ਼ ਨੂੰ ਕਾਮਯਾਬੀ ਮਿਲੇ । ਸਮਾਗਮ ਵਿਚ ਗੁਰਦੁਆਰਾ ਸਾਹਿਬ ਤੋਂ ਗਿਆਨੀ ਗਿਆਨ ਸਿੰਘ, ਗਿਆਨੀ ਸੁਖਦੇਵ ਸਿੰਘ, ਗਿਆਨੀ ਮਨਪ੍ਰੀਤ ਸਿੰਘ ਤੇ ਰਨਬੀਰ ਸਿੰਘ ਸਮੇਤ ਅਨੇਕਾਂ ਸੰਗਤਾਂ ਹਾਜ਼ਰ ਸਨ ।