
ਲੁਧਿਆਣਾ (14 ਫਰਵਰੀ 2015): ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ 16 ਫਰਵਰੀ ਨੂੰ ਪੰਥਕ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਸਾਂਝੇ ਤੌਰ ’ਤੇ ਸਿਵਲ ਹਸਪਤਾਲ ਲੁਧਿਆਣਾ ਤੋਂ ਸਵੇਰੇ 11 ਵਜੇ ਰੋਸ ਮਾਰਚ ਤੋਂ ਬਾਅਦ ਡਿਪਟੀ ਕਮਿਸ਼ਨਰ, ਲੁਧਿਆਣਾ ਤੇ 18 ਫਰਵਰੀ ਨੂੰ 12 ਵਜੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
16 ਜਨਵਰੀ ਤੋਂ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਮਾਇਤ ਵਿੱਚ ਸਮੂਹ ਪੰਥਕ ਜਥੇਬੰਦੀਆਂ ਦੀ ਸਿਵਲ ਹਸਪਤਾਲ ਵਿੱਚ ਹੋਈ ਇਕੱਤਰਤਾ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਬਾਰੇ ਚਰਚਾ ਕੀਤੀ ਗਈ।
ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਸਿੱਖ ਬੰਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਬਜਾਇ ਸੰਘਰਸ਼ ਨੂੰ ਅਸਫ਼ਲ ਕਰਨ ਵਾਸਤੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਅਤੇ ਉਸ ਦੇ ਪਰਿਵਾਰ ਉਪਰ ਪੁਲੀਸ ਪ੍ਰਸ਼ਾਸਨ ਰਾਹੀਂ ਦਬਾਅ ਬਣਾ ਰਹੀ ਹੈ।
30 ਦਿਨ ਬੀਤਣ ਦੇ ਬਾਅਦ ਬਾਪੂ ਖ਼ਾਲਸਾ ਦੀ ਸਿਹਤ ਭਾਵੇਂ ਕਮਜ਼ੋਰ ਹੋ ਚੁੱਕੀ ਹੈ ਪਰ ਉਹ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਦੇ ਪਰਿਵਾਰ ਨੇ ਸਮੂਹ ਪੰਥ ਨੂੰ ਉਨ੍ਹਾਂ ਵੱਲੋਂ ਆਰੰਭੇ ਸੰਘਰਸ਼ ਦੀ ਜਿੱਤ ਲਈ ਅਰਦਾਸ ਕਰਨ ਤੇ 16 ਫਰਵਰੀ ਨੂੰ ਕਾਲੀਆਂ ਪੱਗਾਂ ਅਤੇ ਕਾਲੇ ਪਟਕੇ ਬੰਨ੍ਹ ਕੇ ਰੋਸ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ, ਯੂਨੀਵਰਸਲ ਹਿਊਮਨ ਰਾਈਟਸ ਅਾਰਗੇਨਾਈਜੇਸ਼ਨ, ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ, ਪੰਥਕ ਲਹਿਰ, ਸਿੱਖ ਸਟੂਡੈਂਟ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫਾਰ ਜਸਟਿਸ ਦੇ ਆਗੂਆਂ ਕੁਆਰਡੀਨੇਟਰ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਹਰਪਾਲ ਸਿੰਘ ਚੀਮਾ, ਭਾਈ ਜਸਵਿੰਦਰ ਸਿੰਘ ਬੱਲੀਏਵਾਲ, ਭਾਈ ਜਸਵੀਰ ਸਿੰਘ ਖੰਡੂਰ ਤੇ ਪ੍ਰਿੰ. ਦਰਸ਼ਨ ਸਿੰਘ ਰਕਬਾ ਸਮੇਤ ਕੲੀ ਪਤਵੰਤੇ ਹਾਜ਼ਰ ਸਨ।