ਨਿਊਯਾਰਕ (10 ਫਰਵਰੀ, 2016): ਸਿੱਖਾਂ ਨੂੰ ਆਪਣੀ ਨਿਵੇਕਲੀ ਪਛਾਣ ਅਤੇ ਇਸ ਪਛਾਣ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਨਾ ਹੋਣ ਕਰਕੇ ਜਿੱਥੇ ਆਮ ਸਿੱਖਾਂ ਨੂੰ ਕਈ ਵਾਰ ਪ੍ਰੇਸ਼ਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਵਿਦੇਸ਼ਾਂ ਵਿੱਚ ਖਾਸ ਕਰਕੇ ਅਮਰੀਕੀ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਧੱਕੇ ਸ਼ਾਹੀ ਦਾ ਸ਼ਿਕਾਰ ਹੋਣਾ ਪੈਦਾ ਹੈ।
ਸਿੱਖ ਵਿਦਿਆਰਥੀਆਂ ਨਾਲ ਹੁੰਦੀ ਧੱਕੇਸ਼ਾਹੀ ਰੋਕਣ ਅਤੇ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਅਤੇ ਸਿੱਖ ਸਭਿਆਚਾਰ ਦਾ ਪ੍ਰਚਾਰ ਕਰਨ ਲਈ ਅਮਰੀਕਾ ਦੇ ਇੱਕ ਸਿੱਖ ਵਿਦਿਆਰਥੀ ਨੇ ਕਿਤਾਬ ਲਿਖੀ ਹੈ।
ਅਮਰੀਕਾ ਵਿਚ 18 ਸਾਲਾਂ ਦੇ ਇੱਕ ਸਿੱਖ ਲੜਕੇ ਨੇ ਆਪਣੇ ਭਾਈਚਾਰੇ ਦੇ ਵਿਦਿਆਰਥੀਆਂ ਨਾਲ ਅਮਰੀਕਾ ਵਿਚ ਹੁੰਦੀ ਧੱਕੇਸ਼ਾਹੀ ਸਬੰਧੀ ਇੱਕ ਕਿਤਾਬ ਲਿਖੀ ਹੈ। ਨਿਊ ਜਰਸੀ ਦੇ ਹਾਈ ਸਕੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਪੰਨੂੰ ਨੇ “ਅਮਰੀਕੀ ਸਿੱਖ ਬੱਚਿਆਂ ਧੱਕੇਸ਼ਾਹੀ” ਦੇ ਸਿਰਲੇਖ ਹੇਠ ਇੱਕ ਕਿਤਾਬ ਲਿਖੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਵੀਰ ਸਿੰਘ ਪੰਨੂੰ ਨੇ ਦੱਸਿਆ ਕਿ ਮੈਂ ਰੋਜ਼ਾਨਾ ਹੁੰਦੀਆਂ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਆਪਣੇ ਭਾਈਚਾਰੇ ਦੇ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੁੰਦਾ ਸੀ ਜਿਸ ਕਰਕੇ ਮੈਂ ਇਹ ਕਿਤਾਬ ਲਿਖੀ ਹੈ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Book on Bullying published by a Sikh American High School Student
ਆਪਣੀ ਕਿਤਾਬ ਵਿਚ ਪੰਨੂੰ ਨੇ ਸਿੱਖ ਧਰਮ ਦੇ ਰੀਤੀ ਰਿਵਾਜ਼ਾਂ, ਇੱਕ ਸਿੱਖ ਲਈ ਦਸਤਾਰ ਦੀ ਮਹੱਤਤਾ ਅਤੇ ਅਮਰੀਕਾ ਵਿਚ ਸਿੱਖਾਂ ਦੇ ਇਤਹਾਸ ਦਾ ਉਚੇਚਾ ਜ਼ਿਕਰ ਕੀਤਾ ਹੈ।
ਇਸ ਦੇ ਨਾਲ ਹੀ ਉਸ ਨੇ ਅਮਰੀਕੀ ਸਕੂਲਾਂ ਵਿਚ ਸਿੱਖ ਬੱਚਿਆਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਸਰਵੇਖਣਾਂ ਦੀਆਂ ਰਿਪੋਰਟਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕਰਦਿਆਂ ਸਲਾਹ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਮਨੋਵਿਗਿਆਨੀਆਂ ਅਤੇ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ।