ਫ਼ਰੀਦਕੋਟ (14 ਅਕਤੂਬਰ,2014): ਬਾਦਲ ਦਲ ਦੇ ਰਾਜਸੀ ਵਿਰੋਧ ਕਾਰਣ ਪਿੱਛਲੇ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਦਰਜ਼ ਵੱਖ-ਵੱਖ ਕੇਸ਼ਾ ਵਿੱਚ ਬੰਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਵਿਧਾਨ ਸਭਾ ਲਈ ਚੋਣ ਪ੍ਰਚਾਰ ਬੰਦ ਹੁੰਦਿਆਂ ਹੀ ਅੱਜ ਪੰਜਾਬ ਸਰਕਾਰ ਵੱਲੋਂ ਰਿਹਾਅ ਕਰ ਦਿੱਤਾ ਹੈ।

ਪਿੱਛਲੇ ਸਮੇਂ ਹੋਂਦ ਵਿੱਚ ਆਈ ਹਰਿਆਣਾ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕਮੇਟੀ ਬਣਾਉਣ ਵਾਲੀ ਮੁਹਿੰਮ ਵਿੱਚ ਸਰਗਰਮ ਭੁਮਿਕਾਂ ਨਿਭਾਉਣ ਵਾਲੇ ਬਾਬਾ ਦਾਦੂਵਾਲ ਨੇ ਕੈਥਲ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਕੋਲੋ ਛਡਵਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ। ਜਿਸ ਤੋਂ ਖਫਾ ਹੋਕੇ ਬਾਦਲ ਸਰਕਾਰ ਦੀ ਹਦਾਇਤ ‘ਤੇ ਪੰਜਾਬ ਪੁਲਿਸ ਨੇ ਅਸਲਾ ਐਕਟ ਅਧੀਨ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।ਬਾਅਦ ਵਿੱਚ ਪੁਲਿਸ ਨੇ ਉਨਾਂ ‘ਤੇ ਦਰਜ਼ ਮੁਕੱਦਮੇਂ ਜੋ ਬੰਦ ਕਰ ਦਿੱਤੇ ਸਨ, ਨੂੰ ਦੁਬਾਰਾ ਖੋਲਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਉਪਰੋਕਤ ਦਰਜ਼ ਕੇਸਾਂ ਵਿੱਚੋਂ ਜਦ ਦਾਦੂਵਾਲ ਨੂੰ ਅਦਾਲਤ ਨੇ ਜ਼ਮਾਨਤ ਦੇ ਕੇ 9 ਅਕਤੂਬਰ ਰਿਹਾਅ ਕਰਨ ਦੇ ਹੁਕਮ ਦਿੱਤੇ ਤਾਂ ਜ਼ਮਾਨਤ ਮਿਲਣ ਉਪਰੰਤ ਜਿਉਂ ਹੀ ਫਰੀਦਕੋਟ ਜੇਲ ਵਿੱਚੋਂ ਰਿਹਾਅ ਹੋਏ ਤਾਂ ਫਰੀਦਕੋਟ ਪੁਲਿਸ ਨੇ ਫਿਰ ਗ੍ਰਿਫਤਾਰ ਕਰਕੇ ਦੁਬਾਰਾ ਜੇਲ ਭੇਜ ਦਿੱਤਾ ਸੀ।
ਬਾਬਾ ਦਾਦੂਵਾਲ ਹਰਿਆਣਾ ਦੇ ਸਰਸਾ ਜਿਲੇ ਦੇ ਪਿੰਡ ਦਾਦੂਵਾਲ ਨਾਲ ਸਬੰਧਿਤ ਹਨ ਅਤੇ ਇਹ ਪਿੰਡ ਹਲਕਾ ਕਾਲਾਂਵਾਲੀ ਦੇ ਅਧੀਨ ਆਉਦਾ ਹੈ, ਜਿੱਥੋਂ ਬਾਦਲ ਦਲ ਦੇ ਉਮੀਦਵਾਰ ਬਲਕੌਰ ਸਿੰਘ ਕਾਲਾਂਵਾਲੀ ਚੋਣ ਲੜ ਰਹੇ ਹਨ। ਉਂਝ ਵੀ ਦਾਦੂਵਾਲ ਦਾ ਇਸ ਇਲਾਕੇ ਦੇ ਸਿੱਖ ਹਲਕਿਆਂ ਵਿੱਚ ਕਾਫੀ ਅਸਰ ਰਸੂਖ ਹੈ।ਬਾਦਲ ਸਰਕਾਰ ਨੇ ਬਾਬ ਦਾਦੂਵਾਲ ਦੇ ਬਾਦਲ ਦਲ ਵਿਰੋੁੱਧ ਪ੍ਰਚਾਰ ਤੋਂ ਡਰਦਿਆਂ ਉਨ੍ਹਾਂ ਨੂੰ ਕਾਨੂੰਨੀ ਹੱਥ-ਕੰਡੇ ਵਰਤਦਿਆਂ ਹਰਿਆਣਾ ਚੋਣ ਪ੍ਰਚਾਰ ਦੌਰਾਨ ਜੇਲ ਵਿੱਚ ਬੰਦ ਰੱਖਿਆਂ ਤਾਂ ਕਿ ਦਾਦੂਵਾਲ ਇਨ੍ਹਾਂ ਚੋਣਾਂ ੋਿਵੱਚ ਉਨ੍ਹਾਂ ਦਾ ਨੁਕਸਾਨ ਨਾ ਕਰ ਸਕਣ।
ਅੱਜ ਐੱਸ. ਡੀ. ਐਮ. ਸ਼ਰੂਤੀ ਸ਼ਰਮਾ ਪਾਂਡੇ ਨੇ ਸੰਤ ਦਾਦੂਵਾਲ ਅਤੇ ਉਸ ਦੇ ਸਾਥੀਆਂ ਖਿਲਾਫ ਸੀ. ਆਰ. ਪੀ. ਸੀ ਦੀ ਧਾਰਾ 107/151 ਤਹਿਤ ਦਰਜ ਹੋਏ ਮਾਮਲੇ ਵਿਚ 50 ਹਜ਼ਾਰ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ।
ਦੱਸਣਯੋਗ ਹੈ ਕਿ ਇਸ ਮਾਮਲੇ ਦੀ ਅੱਜ ਹਾਈਕੋਰਟ ਵਿਚ ਵੀ ਸੁਣਵਾਈ ਹੋਣੀ ਸੀ ਪਰ ਜੱਜ ਛੁੱਟੀ ‘ਤੇ ਹੋਣ ਕਾਰਨ ਇਹ ਸੁਣਵਾਈ 16 ਅਕਤੂਬਰ ਤੱਕ ਮੁਲਤਵੀ ਹੋ ਗਈ ਸੀ ਙ ਪ੍ਰਸ਼ਾਸਨ ਨੇ ਹਾਈਕੋਰਟ ਦੇ ਸੰਭਾਵੀ ਸਖ਼ਤ ਫ਼ੈਸਲੇ ਤੋਂ ਬਚਣ ਦੇ ਮਕਸਦ ਨਾਲ ਸੰਤ ਦਾਦੂਵਾਲ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।
ਜੇਲ ਤੋਂ ਰਿਹਾਅ ਹੋਣ ਉਪਰੰਤ ਦਾਦੂਵਾਲ ਨੇ ਕਿਾ ਕਿ ਸਿੱਖਾਂ ਨੂੰ ਬਾਦਲਾਂ ਅਤੇ ਉਨ੍ਹਾਂ ਦੀ ਸਰਕਾਰ ‘ਤੇ ਕੋਈ ਵਿਸ਼ਵਾਸ਼ ਨਹੀਂਕਰਨਾ ਚਾਹੀਦਾ।ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਸਿੱਖਾਂ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਤੇ ਸਰਕਾਰ ਸਿੱਖਾਂ ‘ਤੇ ਜੁਰਮ ਕਰ ਰਹੀ ਹੈ।