ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅੰਮ੍ਰਿਤ ਸੰਚਾਰ ਜੱਥੇ ਵੱਲੋਂ ਪੰਥਕ ਏਕਤਾ ਦੇ ਮੁੱਦੇ ’ਤੇ ਆਰੰਭ ਕੀਤੇ ਸਹਿਜ ਪਾਠਾਂ ਦੀ ਲੜੀ ਤਹਿਤ ਵੀਰਵਾਰ ਪਹਿਲੇ ਪਾਠ ਦਾ ਭੋਗ ਪਾਇਆ ਹੈ। ਇਹ ਸਹਿਜ ਪਾਠ ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਸੀ।

ਦਰਬਾਰ ਸਾਹਿਬ ਨੇੜੇ ਪਾਏ ਗਏ ਸਹਿਜ ਪਾਠ ਦੇ ਭੋਗ ਸਮੇਂ ਅੰਮ੍ਰਿਤ ਸੰਚਾਰ ਜੱਥੇ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਤਰਲੋਕ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ। ਇਸ ਮੌਕੇ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਖ ਸੰਗਤ ਨੂੰ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਸਬੰਧੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਇਸੇ ਤਹਿਤ ਹੀ ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਸਹਿਜ ਪਾਠ ਦੀ ਇਹ ਲੜੀ ਨਿਰੰਤਰ ਜਾਰੀ ਰਹੇਗੀ। ਭੋਗ ਉਪਰੰਤ ਇੱਕ ਹੋਰ ਸਹਿਜ ਪਾਠ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵਿੱਚ ਸਿੱਖ ਕੌਮ ’ਚ ਆਪਸੀ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਪੰਥ ਦੋਫਾੜ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਆਪਸੀ ਵਖਰੇਵੇ ਭੁੱਲ ਕੇ ਸਮੁੱਚੀ ਕੌਮ ਅਕਾਲ ਤਖ਼ਤ ਦੇ ਝੰਡੇ ਹੇਠ ਇਕੱਠੀ ਹੋਵੇ। ਪਹਿਲਾਂ ਸਿਧਾਂਤ ਨੂੰ ਲੈ ਕੇ ਇਕਜੁਟ ਹੋਇਆ ਜਾਵੇ ਅਤੇ ਮਗਰੋਂ ਆਪਸੀ ਵਖਰੇਵੇਂ ਦੂਰ ਕੀਤੇ ਜਾਣ। ਉਨ੍ਹਾਂ ਆਖਿਆ ਕਿ ਸਾਡਾ ਮੁੱਖ ਮੰਤਵ ਸਿੱਖ ਕੌਮ ਨੂੰ ਇਕਜੁਟ ਕਰਨਾ ਹੈ ਅਤੇ ਇਸ ਪਿੱਛੇ ਕੋਈ ਸਿਆਸੀ ਜਾਂ ਰਾਜਸੀ ਮੰਤਵ ਨਹੀਂ ਹੈ।