ਅੰਮਿ੍ਤਸਰ (21 ਮਈ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਮਾਮਲੇ ਵਿੱਚ ਅੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਦਾ ਸਾਥ ਨਾ ਦਿੱਤਾ ਜਾਵੇ।

ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕਬਰਾਂ, ਸਮਾਧਾਂ, ਜਠੇਰਿਆਂ, ਮਨਮੱਤੀ ਸਥਾਨਾਂ ਆਦਿ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਜਾਂ ਅਖੰਡ ਪਾਠ ਕਰਵਾਉਣ ‘ਤੇ ਪਾਬੰਦੀ ਨੂੰ ਅੱਜ ਮੁੜ ਦੁਹਰਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ‘ਚ ਸਾਥ ਦੇਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਸਖਤ ਤਾੜਨਾ ਕੀਤੀ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਫ਼ਤਰ ਸਕੱਤਰੇਤ ਵਿਖੇ ਨਿਰਦੇਸ਼ ਦਿੱਤੇ ਕਿ ਸੰਗਤਾਂ ਆਪਣੇ ਘਰ ਜਾਂ ਗੁਰਦੁਆਰਾ ਸਾਹਿਬਾਨ ਵਿਖੇ ਹੀ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ।
ਉਨ੍ਹਾਂ ਇਸ ਵਿਸ਼ੇ ਸਬੰਧੀ ਪਿਛਲੇ ਦਿਨੀਂ ਜਲੰਧਰ ਜ਼ਿਲ੍ਹੇ ‘ਚ ਜਠੇਰਿਆਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਮਗਰੋਂ ਚਰਚਾ ‘ਚ ਆਏ ਮਾਮਲੇ ਬਾਰੇ ਦੱਸਿਆ ਕਿ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ: ਸ਼ਿੰਗਾਰਾ ਸਿੰਘ ਲੋਹੀਆਂ ਦੀ ਇਸ ‘ਚ ਭੂਮਿਕਾ ਮਗਰੋਂ ਉਨ੍ਹਾਂ ਸਮੇਤ ਜ਼ਿਲ੍ਹਾ ਜਲੰਧਰ ਦੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਹੋਈ ਵਿਚਾਰ ਚਰਚਾ ਮਗਰੋਂ ਸਪੱਸ਼ਟ ਹੁਕਨ ਦਿੱਤੇ ਗਏ ਹਨ ਕਿ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼ਾਂ ਨੂੰ ਪ੍ਰਪੱਕਤਾ ਨਾਲ ਨਿਸ਼ਚਿਤ ਕੀਤਾ ਜਾਵੇ ਅਤੇ ਮਨਮਤੀ ਅਸਥਾਨਾਂ ‘ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲਿਜਾਇਆ ਜਾਵੇ।
ਸਿੰਘ ਸਾਹਿਬ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਦਾ ਫ਼ਰਜ਼ ਬਣਦਾ ਹੈ ਕਿ ਗੁਰਬਾਣੀ ਦਾ ਪ੍ਰਚਾਰ ਸਿੱਖ ਸੰਗਤਾਂ ‘ਚ ਕਰਨ ਤੇ ਮਨਮੱਤ ਨੂੰ ਰੋਕਣ ਲਈ ਸੰਗਤ ਨੂੰ ਪ੍ਰੇਰਨ ਙ ਉਨ੍ਹਾਂ ਤਾਕੀਦ ਕੀਤੀ ਕਿ ਗ੍ਰੰਥੀ ਸਿੰਘ ਮਨਮੱਤੀ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲੈ ਕੇ ਜਾਣ ਤੇ ਸੰਗਤਾਂ ਨੂੰ ਗੁਰਮਤਿ ਅਨੁਸਾਰ ਪ੍ਰਚਾਰ ਕਰਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਰੋਕਣ ।
ਪਿਛਲੇ ਦਿਨੀਂ ਉਕਤ ਮਾਮਲੇ ਸਾਹਮਣੇ ਆਉਣ ਮਗਰੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨ ਵਿਰੁੱਧ ਲੋਕ ਰੋਹ ਦੇ ਚਲਦਿਆਂ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਅਕਾਲ ਤਖਤ ਸਾਹਿਬ ‘ਤੇ ਉਕਤ ਮੁੱਦਾ ਅਗਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਵਿਚਾਰ ਅਧੀਨ ਰੱਖਿਆ ਗਿਆ।