ਸੰਗਰੂਰ: ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਨੇ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਡੇਰਾ ਸਿਰਸਾ ਤੋਂ ਸਮਰਥਨ ਲੈਣ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਫੈਸਲੇ ਨੂੰ ਸਿੱਖ ਕੌਮ ਨਾਲ ਧ੍ਰੋਹ ਕਰਾਰ ਦਿੱਤਾ ਹੈ। ਸਭਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਿੱਖ ਪੰਥ ਦੇ ਦੋਖੀਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਵੋਟ ਸ਼ਕਤੀ ਨਾਲ ਸਬਕ ਸਿਖਾਉਣ ਦਾ ਸੱਦਾ ਦਿੱਤਾ ਹੈ।

ਇਥੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਸਭਾ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਦਲ ਨੇ ਡੇਰਾ ਸਿਰਸਾ ਕੋਲੋਂ ਸਮਰਥਨ ਹਾਸਲ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਸਬੰਧਤ ਖ਼ਬਰ:
ਬਾਦਲ ਦਲ ਦਾ ਬਾਈਕਾਟ ਕਰੋ ਅਤੇ ਹਰਾ ਸਕਣ ਦੇ ਸਮਰੱਥ ਉਮੀਦਵਾਰਾਂ ਨੂੰ ਵੋਟ ਪਾਓ: ਸਿੱਖ ਜਥੇਬੰਦੀਆਂ …
ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿਚ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੀਆਂ ਵਾਪਰੀਆਂ ਘਟਨਾਵਾਂ ਵਿਰੁੱਧ ਰੋਸ ਹੈ ਪਰ ਹੁਣ ਅਕਾਲੀ ਦਲ ਨੇ ਵੋਟਾਂ ਦੇ ਲਾਲਚ ਵਿਚ ਡੇਰਾ ਸਿਰਸਾ ਦਾ ਸਮਰਥਨ ਹਾਸਲ ਕਰਕੇ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਜਿਸ ਦਾ ਅਕਾਲ ਤਖ਼ਤ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਮੌਕੇ ਤਾਰਾ ਸਿੰਘ ਦੁੱਗਾਂ, ਗੁਰਸੇਵਕ ਸਿੰਘ, ਨਾਜਰ ਸਿੰਘ, ਹਰਵਿੰਦਰ ਸਿੰਘ, ਨਿਰੰਜਣ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ ਤਾਨ ਤੇ ਸੁੰਦਰ ਸਿੰਘ ਹਾਜ਼ਰ ਸਨ।