ਮੁੱਲਾਂਪੁਰ ਦਾਖਾ ( 17 ਜੁਲਾਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਰੰਭਿਆ ਸੰਘਰਸ਼, ਉਨ੍ਹਾਂ ਵੱਲੋਂ ਛੇ ਮਹੀਨਿਆਂ ਦੀ ਲਗਾਤਾਰ ਭੁੱਖ ਹੜਤਾਲ ਕਾਰਨ ਸਿਹਤ ਦੀ ਹਾਲਤ ਗੰਭੀਰ ਹੋਣ ਕਰਕੇ ਬੜੇ ਨਾਜ਼ੁਕ ਮੋੜ ‘ਤੇ ਪਹੁੰਚ ਚੁੱਕਿਆ ਹੈ।

ਬਾਪੂ ਜੀ ਦੀ ਲਗਾਤਾਰ ਭੁੱਖ ਹੜਤਾਲ ਕਾਰਣ ਬੇਹੱਦੀ ਕਮਜ਼ੋਰ ਹੋਏ ਸਿਹਤ ਅਤੇ ਨਾਜ਼ੁਕ ਪੜਾਅ ‘ਤੇ ਪਹੂੰਚੇ ਸੰਘਰਸ਼ ਨਾਲ ਪੰਜਾਬ ਪੁਲਿਸ ਸਖਤੀ ਵਰਤਣ ਦੇ ਮਜਾਜ ਵਿੱਚ ਲੱਗ ਰਹੀ ਹੈ।ਅੱਜ ਉਸ ਸਮੇ ਇਸ ਖੇਤਰ ਦੇ ਹਾਲਾਤ ਤਨਾਅ ਭਰੇ ਹੋ ਗਏ ਜਦ ਪੁਲਿਸ ਨੇ ਪਿੰਡ ਹਸਨਪੁਰ ਨੂੰ ਜਾਂਦੀਆਂ ਸਾਰੇ ਸੜਕਾਂ ਨਾਕੇ ਲਾਕੇ ਰੋਕ ਲਈਆਂ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਿਸੇ ਨੂੰ ਬਾਪੂ ਸੂਰਤ ਸਿੰਘ ਦੇ ਘਰ ਨਹੀਂ ਜਾਣ ਦੇ ਰਹੀ।
ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਸਿੰਘ ਖਡੂਰ ਸਾਹਿਬ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪੁਲਿਸ ਨੇ ਪਿੰਡ ਨੂੰ ਚਾਰ ਚੁਫੇਰਿਉਂ ਘੇਰਾ ਪਾਇਆ ਹੋਇਆ ਹੈ ਅਤੇ ਹਸਨਪੁਰ ਨੂੰ ਜਾਂਦੀਆਂ ਸਾਰੀਆਂ ਸੜਕਾਂ ਰੋਕੀਆਂ ਹੋਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਕਿਸੇ ਨੂੰ ਵੀ ਸਹਨਪੁਰ ਵਿੱਚ ਦਾਖਲ ਹੋਣ ਦੀ ਇਜ਼ਾਜ਼ਤ ਨਹੀਂ ਦੇ ਰਹੀ। ਇੱਥੋਂ ਤੱਕ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਜੋਕਿ ਬਾਪੂ ਸੁਰਤ ਸਿੰਘ ਨੂੰ ਮਿਲਣਾ ਚਾਹੁੰਦੀ ਸੀ, ਨੂੰ ਵੀ ਪਿੰਡ ਵਿੱਚ ਦਾਖਲ਼ ਨਹੀਂ ਹੋਣ ਦਿੱਤਾ ਗਿਆ।
ਉਨ੍ਹਾਂ ਨੇ ਦੱਿਸਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਬੰਦੀ ਸਿੰਘ ਸੰਘਰਸ਼ ਕਮੇਟੀ ਦੇ ਮੈਬਰਾਂ ਨਾਲ ਗੱਲਬਾਤ ਕਰਨ ਲਈ ਲੁਧਿਆਣਾ ਵਿਖੇ ਬੁਲਇਆ ਹੈ।ਇਹ ਮੀਟਿੰਗ 2 ਵਜੇ ਲੁਧਿਆਣਾ ਸਿਵਲ ਸਕੱਤਰੇਤ ਵਿੱਚ ਹੋਣੀ ਸੀ। ਖ਼ਬਰ ਲਿਖੇ ਜਾਣ ਤੱਕ ਮੀਟਿੰਗ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਵੱਲੋਂ ਬੰਦੀਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਦਮਨਕਾਰੀ ਨੀਤੀ ਅਪਣਾਉਣ ਦੀ ਨਿਖੇਧੀ ਕੀਤੀ।