ਅੰਮਿ੍ਤਸਰ (12 ਨਵੰਬਰ, 2015): ਮਾਲਵੇ ਦੇ ਇੱਕ ਸਿਆਸੀ ਤੌਰ ‘ਤੇ ਪ੍ਰਭਾਵਸ਼ਾਲੀ ਸ਼੍ਰੋਮਣੀ ਕਮੇਟੀ ਨਾਮ ਆਏ ਨੌਜਵਾਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਸਰਾਂਅ ਵਿੱਚ ਸ਼ਰਾਬ ਪੀਣ, ਤੰਬਾਕੂ ਵਰਤਣ ਅਤੇ ਹੋਰ ਨਸ਼ਿਆਂ ਦਾ ਸ਼ਰੇਆਮ ਸੇਵਨ ਕਰਦਿਆਂ ਵੇਖ ਕੇ ਸੰਗਤ ਨੇ ਫੜ੍ਹ ਕੇ ਕੁਟਾਪਾ ਚਾੜਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੰਜਾਬੀ ਅਖ਼ਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ ਮੌਕੇ ਬੀਤੀ ਰਾਤ ਸੰਗਤਾਂ ਵੱਲੋਂ 18 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਜੋ ਸਰਾਂ ‘ਚ ਬੈਠੇ ਸ਼ਰੇਆਮ ਨਸ਼ਾ ਕਰ ਰਹੇ ਸਨ । ਇਨ੍ਹਾਂ ਨੌਜਵਾਨਾਂ ਨੇ ਰਾਤ ਵੇਲੇ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਦੀ ਇਕ ਸਰਾਂ ‘ਚ ਡੇਰੇ ਲਾਏ ਹੋਏ ਸਨ ।ਸੰਗਤਾਂ ਨੇ ਇਨ੍ਹਾਂ ਨੂੰ ਫੜ ਕੇ ਕੁੱਟਾਪਾ ਚਾੜਿਆ ਤੇ ਪੁੱਛਗਿੱਛ ਕੀਤੀ ਤਾਂ ਉਹ ਮਾਲਵੇ ਨਾਲ ਸਬੰਧਿਤ ਜ਼ਿਲਿ੍ਹਆਂ ਦੇ ਨਿਕਲੇ ।
ਸੰਗਤਾਂ ਨੇ ਨੌਜਵਾਨਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ, ਪਰ ਪੁਲਿਸ ਵੱਲੋਂ ਬਿਨਾਂ ਕਾਰਵਾਈ ਛੱਡ ਦਿੱਤਾ ਗਿਆ, ਕਿਉਂਕਿ ਇਹ ਸਾਰੇ ਨੌਜਵਾਨ ਮਾਲਵੇ ਦੇ ਇਕ ਪ੍ਰਭਾਵਸ਼ਾਲੀ ਸ਼ੋ੍ਰਮਣੀ ਕਮੇਟੀ ਮੈਂਬਰ ਨਾਲ ਸਬੰਧਿਤ ਹੋਣ ਦੀ ਚਰਚਾ ਹੈ ।ਸ਼ੋਸ਼ਲ ਮੀਡੀਆ ‘ਤੇ ਵੀ ਇਸ ਘਟਨਾਂ ਦੀ ਵੀਡੀਓੁ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸੂਤਰਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂਅ ‘ਤੇ ਸੰਦੇਸ਼ ਜਾਰੀ ਕਰਨ ਮੌਕੇ ਹੋਣ ਵਾਲੀ ਕਿਸੇ ਸੰਭਾਵੀ ਗੜਬੜੀ ਦੇ ਮੱਦੇਨਜ਼ਰ ਬਾਦਲ ਦਲ ਨਾਲ ਸਬੰਧਿਤ ਸ਼ੋ੍ਰਮਣੀ ਕਮੇਟੀ ਮੈਂਬਰ ਆਪਣੇ ਨਾਲ ਲੱਠਮਾਰਾਂ ਨੂੰ ਲੈ ਕੇ ਪੁੱਜੇ ਸਨ ਤਾਂ ਜੋ ਲੋੜ ਪੈਣ ‘ਤੇ ‘ਜਥੇਦਾਰ ਸਾਹਿਬ’ ਨੂੰ ਸੁਰੱਖਿਆ ਦਿੱਤੀ ਜਾ ਸਕੇ । ਉਕਤ ਫੜੇ ਗਏ ਪਤਿਤ ਅਤੇ ਨਸ਼ੇੜੀ ਨੌਜਵਾਨਾਂ ਉਨ੍ਹਾਂ ਵਿੱਚੋਂ ਹੀ ਸਨ।