ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ੍ਹ ਆਪਣੀ ਫੇਰੀ ਦੌਰਾਨ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਇੱਥੇ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮਗਰੋਂ ਯੂਥ ਵੈੱਲਫੇਅਰ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਾਰੇ 117 ਉਮੀਦਵਾਰਾਂ ਨੂੰ ਅੰਦਰਖਾਤੇ ਸੀਟਾਂ ਐਲਾਨ ਦਿੱਤੀਆਂ ਹਨ। ਪਾਰਟੀ ਕੁਝ ਉਮੀਦਵਾਰਾਂ ਦੀ ਰੱਦੋ-ਬਦਲ ਕਰ ਸਕਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੈ।

ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ, ਇਸੇ ਕਰਕੇ ਹੁਣ ਉਹ ਪਾਰਟੀ ਬਣਾਉਣ ਤੋਂ ਪਿੱਛੇ ਹਟ ਗਏ ਹਨ। ਨਵਜੋਤ ਸਿੱਧੂ ਨੇ ਹੁਣ ਤੱਕ ਪੱਕੀਆਂ ਪਕਾਈਆਂ ਖਾਧੀਆਂ ਹਨ ਤੇ ਸਵਾਦ ਤਾਂ ਹੈ ਜੇਕਰ ਹੁਣ ਆਪ ਪਕਾ ਕੇ ਖਾਂਦਾ। ਉਨ੍ਹਾਂ ਕਿਹਾ ਕਿ ਆਰਐਸਐਸ ਆਗੂ ਗਗਨੇਜਾ ਦੀ ਮੌਤ ਮੰਦਭਾਗੀ ਹੈ। ਸੁਖਬੀਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਕੁਝ ਉਮੀਦਵਾਰਾਂ ਦੇ ਹਲਕੇ ਬਦਲੇ ਜਾ ਰਹੇ ਹਨ। ਇਸ ਤਹਿਤ ਫ਼ਰੀਦਕੋਟ ਤੋਂ ਅਕਾਲੀ ਵਿਧਾਇਕ ਤੇ ਸ਼ਰਾਬ ਦੇ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਦੇ ਇਸ ਵਾਰ ਇੱਥੋਂ ਚੋਣ ਲੜਣ ਦੇ ਆਸਾਰ ਮੱਧਮ ਨਜ਼ਰ ਆ ਰਹੇ ਹਨ।