ਗੁਰਦਾਸਪੁਰ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਵਿਚਲੀਆਂ ਆਰ.ਐਸ.ਐਸ ਸ਼ਾਖਾਵਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੰਟੈਲੀਜੈਂਸ ਬਿਊਰੋ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿਚਲੀਆਂ ਆਰ.ਐਸ.ਐਸ ਦੀਆਂ 900 ਸ਼ਾਖਾਵਾਂ ਦੀ ਸੁਰੱਖਿਆ ਵਧਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਆਰ.ਐਸ.ਐਸ ਦੀਆਂ 30 ਸ਼ਾਖਾਵਾਂ ਹਨ, ਜਦਕਿ ਗੁਆਂਢੀ ਜ਼ਿਲ੍ਹੇ ਪਠਾਨਕੋਟ ਵਿਚ 16 ਸ਼ਾਖਾਵਾਂ ਹਨ।

ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਵਿਚ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਕਿਹਾ ਗਿਆ ਹੈ ਕਿ ਉਹ ਖੁਦ ਇਹਨਾਂ ਸ਼ਾਖਾਵਾਂ ਦਾ ਦੌਰਾ ਕਰਨ। ਇਕ ਐਸ.ਐਸ.ਪੀ ਰੈਂਕ ਦੇ ਅਧਿਕਾਰੀ ਨੇ ਆਪਣੀ ਪਛਾਣ ਨੂੰ ਗੁਪਤ ਰੱਖਦਿਆਂ ਕਿਹਾ ਕਿ ਅਜਿਹੀਆਂ ਹਦਾਇਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਉਨ੍ਹਾਂ ਮੰਨਿਆ ਕਿ ਇਹਨਾਂ ਸ਼ਾਖਾਵਾਂ ‘ਤੇ ਵਾਧੂ ਸੁਰੱਖਿਆ ਤੈਨਾਤ ਕੀਤੀ ਗਈ ਹੈ।
ਬਟਾਲਾ ਦੇ ਐਸ.ਐਸ.ਪੀ ਉਪਿੰਦਰਜੀਤ ਸਿੰਘ ਘੁਮਣ ਨੇ ਕਿਹਾ ਕਿ ਬਟਾਲਾ ਅਤੇ ਆਸ ਪਾਸ ਦੇ ਖੇਤਰ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਹੈ।
ਆਰ.ਐਸ.ਐਸ ਦੇ ਬੁਲਾਰੇ ਨੇ ਕਿਹਾ ਕਿ ਹਰ ਰੋਜ਼ ਸਵੇਰੇ ਖੁੱਲ੍ਹੇ ਮੈਦਾਨ ਵਿਚ ਸ਼ਾਖਾ ਲਗਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਰ ਰੋਜ਼ ਤਕਰੀਬਨ ਪੁਲਿਸ ਦਾ ਉੱਚ ਅਧਿਕਾਰੀ ਉੱਥੇ ਮੋਜੂਦ ਹੁੰਦਾ ਹੈ। ਟ੍ਰਿਬਿਊਨ ਅਖਬਾਰ ਦੀ ਰਿਪੋਰਟ ਅਨੁਸਾਰ ਜਦੋਂ ਵੀ ਆਰ.ਐਸ.ਐਸ ਪੰਜਾਬ ਵਿਚ ਆਪਣਾ ਅਧਾਰ ਵਧਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਇਸ ਤਰ੍ਹਾਂ ਦੀਆਂ ਹਦਾਇਤਾਂ ਅਤੇ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ।