ਚੰਡੀਗੜ੍ਹ( 16 ਫਰਵਰੀ, 2015): ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਧੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦੇ ‘ਤੇ ਵਿਚਾਰ ਕੀਤੀ।

ਇਸ ਮੀਟਿੰਗ ਦਾ ਪ੍ਰਬੰਧ ਮੁੱਖ ਮੰਤਰੀ ਵੱਲੋਂ ਬੁਜਰਗ ਅਕਾਲੀ ਆਗੂ ਸੁਰਤ ਸਿੰਘ ਵੱਲੋ ਪਿੱਛਲੇ 31 ਦਿਨਾਂ ਤੋਂ ਜਾਰੀ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ ਮਸਲੇ ‘ਤੇ ਵਿਚਾਰ ਕਰਨ ਲਈ ਕੀਤਾ ਗਿਆ ਸੀ।
ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਲੇ ਵਫਦ ਨੇ ਐਡਵੋਕੇਟ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਬਾਪੂ ਸੂਰਤ ਸਿੰਘ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਲਿਖਿਆ ਪੱਤਰ ਮੁੱਖ ਮੰਤਰੀ ਨੂੰ ਸੌਪਿਆ।
ਇਸ ਪੱਤਰ ਰਾਹੀਂ ਬਾਪੂ ਸੂਰਤ ਸਿੰਘ ਨੇ ਸਿੱਖ ਸੰਘਰਸ਼ ਨਾਲ ਸਬੰਧਿਤ ਸਾਰੇ ਸਿੱਖ ਕੈਦੀਆਂ ਲਈ ਰਾਜਸੀ ਕੈਦੀਆਂ ਦੇ ਰੁਤਬੇ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਸਿੱਖ ਜੱਥੇਬੰਦੀਆਂ ਦੇ ਇਸ ਵਫਦ ਨੇ ਕਰੀਬ ਇੱਕ ਘੰਟਾ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਮਸਲੇ ਬਾਰੇ ਦੱਸਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਦੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਬਾਦਲ ਨੂੰ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਜਬਰੀ ਭੋਜਨ ਨਾ ਦਿੱਤਾ ਜਾਏ ਅਤੇ ਲੋਕਤੰਤਰਿਕ ਅਤੇ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਰੋਸ ਦਾ ਪ੍ਰਗਟਾਵਾ ਕਰਨ ਦਿੱਤਾ ਜਾਏ।
ਦੂਸਰੇ ਪਾਸੇ ਬਾਦਲ ਨੇ ਭਾਰਤੀ ਸੁਪਰੀਮ ਕੋਰਟ ਵੱਲੋਂ ਰਾਜ ਸਰਕਾਰਾਂ ਵੱਲੋਂ ਉਮਰ ਕੈਦੀਆਂ ਨੂੰ ਰਾਹਤ ਦੇਣ ‘ਤੇ ਰੋਕ ਸਬੰਧੀ 9 ਜੁਲਾਈ 2014 ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਸਿੱਖ ਕੈਦੀਆਂ ਦੀ ਰਿਹਾਈ ਲਈ ਆਪਣੀ ਬੇਵਸੀ ਦਾ ਪ੍ਰਗਟਾਵਾ ਕੀਤਾ।
ਇਸ ਮਸਲੇ ‘ਤੇ ਵਫਦ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਮੁੱਦਾ ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਦਿੱਲੀ, ਗੁਜਰਾਤ, ਯੂਪੀ, ਅਤੇ ਕਰਨਾਟਕ ਦੇ ਮੁੱਖ ਮੰਤਰੀਆਂ ਕੋਲ ਉਠਾਉਣ।
ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ 16 ਜਨਵਰੀ ਤੋਂ ਇਸ ਕਰਕੇ ਭੁੱਖ ਹੜਤਾਲ ‘ਤੇ ਬੈਠਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਵੱਲੋਂ ਅੱਧਵਾਟੇ ਛੱਡਿਆ ਕੰਮ ਪੂਰਾ ਕੀਤਾ ਜਾ ਸਕੇ।
ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਦੋ ਕਾਨੂੰਨ ਲਾਗੂ ਕੀਤੇ ਹੋਏ ਹਨ। ਇੱਕ ਬਹੁਗਿਣਤੀ ਲਈ ‘ਤੇ ਦੁਸਰਾ ਘੱਟ ਗਿਣਤੀ ਲਈ।ਉਨ੍ਹਾਂ ਕਿਹਾ ਕਿ ਸਵਾਲ ਕੁਝ ਸਿੱਖ ਕੈਦੀਆਂ ਦੀ ਰਿਹਾਈ ਦਾ ਨਹੀਂ, ਸਵਾਲ ਇੱਕ ਵਿਅਕਤੀ ਵੱਲੋਂ ਅਜ਼ਾਦੀ ਦੀ ਜ਼ਿੰਦਗੀ ਜਿਉਣ ਦਾ ਹੈ। ਸਵਾਲ ਇੱਕ ਕੈਦੀ ਵੱਲੋਂ ਜੇਲ ਵਿੱਚ ਆਪਣੀ ਸਜ਼ਾ ਪੁਰੀ ਕਰਨ ਤੋਂ ਬਾਅਦ ਅਜ਼ਾਦੀ ਪ੍ਰਾਪਤ ਕਰਨ ਦਾ ਹੈ।ਸਵਾਲ ਨਿਆ ਅਤੇ ਬਰਾਬਰਤਾ ਦਾ ਹੈ।
ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਨੂੰ ਪੰਜਾਬ ਪੁਲਿਸ ਨੇ 8 ਜਨਵਰੀ ਦੀ ਰਾਤ ਨੂੰ ਉਨ੍ਹਾਂ ਦੇ ਪਿੰਡ ਹਸਨਪਰ ਤੋਂ ਜਬਰੀ ਚੁੱਕ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।
ਇਸ ਵਫਦ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਜਸਵੰਤ ਸਿੰਘ ਮਾਨ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਗੁਰਨਾਮ ਸਿੰਘ, ਪੰਚ ਪ੍ਰਧਾਨੀ ਦੇ ਜਸਬੀਰ ਸਿੰਘ ਖਡੂਰ ਅਤੇ ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਸ਼ਾਮਲ ਸਨ।