ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ-ਏ-ਮੌਤ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਇਸ ਭਿਆਨਕ ਕਾਰੇ ਨੂੰ ‘ਸਭ ਤੋਂ ਵੱਧ ਨਿਰਦਈ, ਜ਼ਾਲਮਾਨਾ ਤੇ ਸ਼ੈਤਾਨੀ’ ਕਰਾਰ ਦਿੱਤਾ।
ਦਿੱਲੀ ਦੀਆਂ ਸੜਕਾਂ ਉਤੇ 16 ਦਸੰਬਰ, 2012 ਨੂੰ ਵਾਪਰੀ ਇਸ ਹੌਲਨਾਕ ਘਟਨਾ ਨੂੰ ‘ਵਿਰਲਿਆਂ ’ਚੋਂ ਵਿਰਲੀ’ ਕਰਾਰ ਦਿੰਦਿਆਂ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਸਰਬਸੰਮਤੀ ਨਾਲ ਦੋਸ਼ੀਆਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਕਾਇਮ ਰੱਖਿਆ। ‘ਨਿਰਭਯਾ’ (ਨਕਲੀ ਨਾਂ) ਵਜੋਂ ਮਸ਼ਹੂਰ ਹੋਈ ਇਸ ਘਟਨਾ ਦੀ ਪੀੜਤ ਲੜਕੀ, ਜੋ ਪੈਰਾਮੈਡੀਕਲ ਵਿਦਿਆਥਣ ਸੀ, ਨੇ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 13 ਦਿਨਾਂ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ।

ਇਹ ਫ਼ੈਸਲਾ ਸੁਪਰੀਮ ਕੋਰਟ ਦੇ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਬਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਸੁਣਾਇਆ। ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਬਲਾਤਕਾਰ ਵਿਰੋਧੀ ਕਾਨੂੰਨਾਂ ਨੂੰ ਸਖ਼ਤ ਕੀਤਾ ਗਿਆ। ਜਸਟਿਸ ਮਿਸ਼ਰਾ ਨੇ ਆਪਣੇ ਤੇ ਜਸਟਿਸ ਭੂਸ਼ਣ ਵੱਲੋਂ ਫ਼ੈਸਲਾ ਲਿਖਿਆ, ਜਦੋਂਕਿ ਜਸਟਿਸ ਬਾਨੂਮਤੀ ਨੇ ਵੱਖਰਾ ਫ਼ੈਸਲਾ ਲਿਖਿਆ, ਹਾਲਾਂਕਿ ਉਨ੍ਹਾਂ ਵੀ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਨੂੰ ਬਹਾਲ ਰੱਖਣ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਉਤੇ ਸਹਿਮਤੀ ਦੀ ਮੋਹਰ ਲਾਈ।
ਹੁਣ ਚਾਰੇ ਦੋਸ਼ੀ ਮੁਕੇਸ਼ (29), ਪਵਨ (22), ਵਿਨੇ ਸ਼ਰਮਾ (23) ਤੇ ਅਕਸ਼ੇ ਕੁਮਾਰ ਸਿੰਘ (31) ਸੁਪਰੀਮ ਕੋਰਟ ਵਿੱਚ ਹੀ ਅਪੀਲ ਕਰ ਸਕਣਗੇ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਦਾਇਰ ਕਰ ਸਕਣਗੇ। ਮਾਮਲੇ ਦੇ ਪੰਜਵੇਂ ਦੋਸ਼ੀ ਨੇ ਇਥੋਂ ਦੀ ਤਿਹਾੜ ਜੇਲ੍ਹ ਵਿੱਚ ਮਾਰਚ 2013 ਵਿੱਚ ‘ਖ਼ੁਦਕੁਸ਼ੀ’ ਕਰ ਲਈ ਸੀ, ਜਦੋਂਕਿ ਛੇਵੇਂ ਦੋਸ਼ੀ ਨੂੰ ਘਟਨਾ ਸਮੇਂ ਨਾਬਾਲਗ਼ ਹੋਣ ਕਾਰਨ ਸੁਧਾਰ ਘਰ ਵਿੱਚ ਤਿੰਨ ਸਾਲ ਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਸੀ, ਜੋ ਸਜ਼ਾ ਭੁਗਤ ਕੇ 2015 ਵਿੱਚ ਰਿਹਾਅ ਹੋ ਗਿਆ ਸੀ। ਇਨ੍ਹਾਂ ਨੇ ਚੱਲਦੀ ਬੱਸ ਵਿੱਚ ਪੀੜਤਾ ਤੇ ਉਸ ਦੇ ਦੋਸਤ ਦੀ ਭਾਰੀ ਕੁੱਟ-ਮਾਰ ਕਰਨ ਪਿੱਛੋਂ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਦੋਹਾਂ ਨੂੰ ਹਵਾਈ ਅੱਡੇ ਨੇੜੇ ਸੜਕ ਉਤੇ ਸੁੱਟ ਦਿੱਤਾ ਸੀ। ਲੜਕੀ ਦੀ 29 ਦਸੰਬਰ ਨੂੰ ਮੌਤ ਹੋ ਗਈ ਸੀ।
ਆਪਣੇ 500 ਸਫ਼ਿਆਂ ਦੇ ਸਖ਼ਤ ਫ਼ੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੇ ਪੀੜਤਾ ਨੂੰ ਮਹਿਜ਼ ਮਨਪ੍ਰਚਾਵੇ ਦੀ ਚੀਜ਼ ਸਮਝਿਆ। ਅਦਾਲਤ ਨੇ ਕਿਹਾ ਕਿ ਜੁਰਮ ਇੰਨਾ ਵੱਡਾ ਹੈ ਕਿ ਉਹ ਦੋਸ਼ੀਆਂ ’ਤੇ ਗ਼ਰੀਬ ਪਰਿਵਾਰਕ ਪਿਛੋਕੜ, ਜਵਾਨੀ ਦੀ ਉਮਰ, ਜੇਲ੍ਹ ਵਿੱਚ ਚੰਗੇ ਵਿਹਾਰ ਆਦਿ ਦੇ ਆਧਾਰ ਉਤੇ ਤਰਸ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਨਾਲ ਹੀ ਕਿਹਾ ਕਿ ਜੁਰਮ ਦਾ ਢੰਗ-ਤਰੀਕਾ ਅਜਿਹਾ ਹੈ ਕਿ ਇਹ ‘ਵਿਰਲਿਆਂ ’ਚੋਂ ਵਿਰਲੇ’ ਦੇ ਵਰਗ ਵਿੱਚ ਆਉਂਦਾ ਹੈ।
ਲੜਕੀ ਦੇ ਮਾਪਿਆਂ ਬਦਰੀ ਨਾਥ ਸਿੰਘ ਤੇ ਆਸ਼ਾ ਦੇਵੀ ਨੇ ਫ਼ੈਸਲੇ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਤੇ ਉਨ੍ਹਾਂ ਦੀ ਧੀ ਦੀ ਆਤਮਾ ਨੂੰ ਚੈਨ ਮਿਲੇਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: