ਐਸ.ਏ.ਐਸ. ਨਗਰ (13 ਅਕਤੂਬਰ, 2015): ਪਿਛਲੇ ਪੱਚੀ ਸਾਲ਼ਾਂ ਤੋਂ ਯੂਪੀ ਦੀ ਬਰੇਲੀ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸਿੱਖ ਹਿੱਤਾਂ ਲਈ ਕੰਮ ਕਰ ਰਹੇ ਸਿੱਖ ਵਕੀਲ਼ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਜਸਪਾਲ ਸਿੰਘ ਮੰਝਪੁਰ, ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਆਰ.ਪੀ. ਸਿੰਘ ਅਤੇ ਸਿੱਖ ਰਲੀਫ਼ ਯੂ.ਕੇ. ਤੋਂ ਪਰਮਿੰਦਰ ਸਿੰਘ ਅਮਲੋਹ ਨੇ ਮੰਗ ਕੀਤੀ ਕਿ ਭਾਈ ਵਰਿਆਮ ਸਿੰਘ ਵਾਂਗ ਚੰਡੀਗੜ੍ਹ, ਪੰਜਾਬ ਸਮੇਤ ਹੋਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਉਕਤ ਸਿੱਖ ਆਗੂਆਂ ਨੇ ਦੱਸਿਆ ਕਿ ਭਾਈ ਵਰਿਆਮ ਸਿੰਘ ਨੂੰ 1990 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਹੁਣ ਤੱਕ ੳੁਸ ਵਲੋਂ ਕਰੀਬ 25 ਸਾਲ ਦੀ ਸਜ਼ਾ ਭੁਗਤੀ ਜਾ ਚੁੱਕੀ ਹੈ ਅਤੇ ਜੇਲ੍ਹ ਪੀਰੀਅਡ ਦੌਰਾਨ ਉਸ ਦਾ ਹੋਰਨਾਂ ਕੈਦੀਆਂ ਤੇ ਸਟਾਫ਼ ਨਾਲ ਬਹੁਤ ਹੀ ਵਧੀਆ ਵਿਵਹਾਰ ਰਿਹਾ ਹੈ।
ਸਿੱਖ ਆਗੂਆਂ ਨੇ ਮੰਗ ਕੀਤੀ ਕਿ ਬਾਕੀ ਸਿੱਖ ਕੈਦੀਆਂ ਦੇ ਕੇਸਾਂ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇ ਤਾਂ ਜੋ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਹੱਤਿਆ ਕਾਂਡ ਮਾਮਲੇ ਸਬੰਧੀ ਲਖਵਿੰਦਰ ਸਿੰਘ ਉਰਫ਼ ਲੱਖਾ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਗੁਰਮੀਤ ਸਿੰਘ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਹਨ। ਸਿੱਖ ਜਥੇਬੰਦੀਆਂ ਦੇ ਸੰਘਰਸ਼ ਦੇ ਚਲਦਿਆਂ ਕੁੱਝ ਸਮਾਂ ਪਹਿਲਾਂ ਇਹ ਤਿੰਨੇ ਸਿੱਖ ਕੈਦੀ ਪਹਿਲੀ ਵਾਰ 28-28 ਦਿਨਾਂ ਦੀ ਪੈਰੋਲ ’ਤੇ ਰਿਹਾਅ ਹੋ ਚੁੱਕੇ ਹਨ। ਇਹ ਤਿੰਨੋਂ ਜਣੇ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ।
ਇਸ ਤਰ੍ਹਾਂ ਉਕਤ ਕੈਦੀ ਹੁਣ ਤੱਕ ਛੁੱਟੀਆਂ ਮਿਲਾ ਕੇ ਕਰੀਬ 25 ਸਾਲ ਦੀ ਸਜ਼ਾ ਭੁਗਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੈਦੀ ਪੱਕੀ ਰਿਹਾਈ ਲਈ ਲੋੜੀਂਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ। ਇਸੇ ਤਰ੍ਹਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਅੰਮ੍ਰਿਤਸਰ ਅਤੇ ਭਾਈ ਲਾਲ ਸਿੰਘ ਅਕਾਲਗੜ੍ਹ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਹਨ। ਇਨ੍ਹਾਂ ਸਮੇਤ ਬਾਕੀ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਫੌਰਨ ਰਿਹਾਅ ਕਰਕੇ ਉਨ੍ਹਾਂ ਨੂੰ ਆਮ ਨਾਗਰਿਕ ਵਾਂਗ ਜਿੰਦਗੀ ਬਤੀਤ ਕਰਨ ਦਾ ਹੱਕ ਦਿੱਤਾ ਜਾਵੇ।