ਬੀਤੇ ਹਫਤੇ ਦੀਆਂ ਸਿੱਖ ਕੌਮ ਨਾਲ ਸਬੰਧਿਤ ਪ੍ਰਮੁੱਖ ਅਖਬਾਰਾਂ ਵਿੱਚ ਜਿਨ੍ਹਾਂ ਦੋ ਨਾਵਾਂ ਦੀ ਖੂਬ ਚਰਚਾ ਹੋਈ ਹੈ, ਉਨ੍ਹਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪ੍ਰਧਾਨ ਅਸ਼ੋਕ ਸਿੰਘਲ ਅਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ., ਬੀ. ਸੀ. ਦਾ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਸ਼ਾਮਲ ਹਨ। ਪਾਠਕਾਂ ਨੂੰ ਇਸ ਗੱਲ ਦੀ ਹੈਰਾਨੀ ਜ਼ਰੂਰ ਹੋਵੇਗੀ ਕਿ ਅਸੀਂ ਇਨ੍ਹਾਂ ਦੋਹਾਂ ਸ਼ਖਸੀਅਤਾਂ ਨੂੰ ਇੱਕ ਦੂਸਰੇ ਦੇ 'ਬਨਾਮ' (ਵਰਸਜ਼) ਕਿਉਂ ਬਣਾ ਧਰਿਆ ਹੈ - ਪਰ ਬਰੀਕੀ ਨਾਲ ਵੇਖਿਆਂ ਇਹ ਤੱਥ ਸਾਹਮਣੇ ਆਵੇਗਾ ਕਿ ਇਨ੍ਹਾਂ ਦੋਹਾਂ ਸ਼ਖਸੀਅਤਾਂ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਵਿੱਚ ਇੱਕ 'ਮੁਕਾਬਲਤਨ' (ਕੰਪੀਟੀਟਿਵ) ਪ੍ਰਭਾਵ ਝਲਕਦਾ ਹੈ ਹਾਲਾਂਕਿ ਦੋਨੋਂ ਹੀ ਇੱਕੋ ਨਿਸ਼ਾਨੇ ਵੱਲ ਸੇਧਿਤ ਹਨ ਅਤੇ ਉਹ ਹੈ, ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ।