ਅਟਾਰੀ (21 ਜੂਨ 2014): ਸਿੱਖ ਰਾਜ ਦੇ ਸਿਰਜਕ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਾਰਤ ਤੋਂ 344 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਮੈਂਬਰ ਸ਼੍ਰੋਮਣੀ ਕਮੇਟੀ ਗੁਰਮੀਤ ਸਿੰਘ ਜ਼ੀਰਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀ ਜੈਕਾਰਿਆਂ ਦੀ ਗੂੰਜ ਹੇਠ ਲਾਹੌਰ ਪਾਕਿਸਤਾਨ ਲਈ ਰਵਾਨਾ ਹੋਇਆ ਙ ਇਹ ਜਥਾ 29 ਜੂਨ ਨੂੰ ਬਰਸੀ ਮਨਾ ਕੇ 30 ਜੂਨ ਨੂੰ ਭਾਰਤ ਪਰਤ ਆਵੇਗਾ ।
ਪੰਜਾਬੀ ਅਖਬਾਰ “ਅਜੀਤ” ਵਿੱਚ ਛਪੀ ਖਬਰ ਅਨੁਸਾਰ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾ ਜਥੇ ਦੇ ਆਗੂ ਗੁਰਮੀਤ ਸਿੰਘ ਜ਼ੀਰਾ ਨੇ ਦੱਸਿਆ ਕਿ ਅੱਜ ਜਥਾ ਗੁ: ਨਨਕਾਣਾ ਸਾਹਿਬ ਜਾਵੇਗਾ, 23 ਜੂਨ ਨੂੰ ਗੁ: ਸੱਚਾ ਸੌਦਾ ਸਾਹਿਬ, 24 ਜੂਨ ਨੂੰ ਗੁ: ਪੰਜਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ 25 ਜੂਨ ਸ਼ਾਮ ਵਾਪਸ ਲਾਹੌਰ ਮੁੜ ਆਵੇਗਾ ਅਤੇ 27 ਨੂੰ ਗੁ: ਡੇਹਰਾ ਸਾਹਿਬ ਲਾਹੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਜਾਵੇਗਾ, 28 ਜੂਨ ਨੂੰ ਗੁ: ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨ ਕਰਨ ਉਪਰੰਤ 29 ਜੂਨ ਨੂੰ ਬਰਸੀ ਸਮਾਗਮਾਂ ‘ਚ ਹਿੱਸਾ ਲੈਣ ਉਪਰੰਤ 30 ਜੂਨ ਨੂੰ ਭਾਰਤ ਵਾਪਸ ਪਰਤੇਗਾ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਸ: ਮਨਜੀਤ ਸਿੰਘ ਤੇ ਸ: ਸਤਬੀਰ ਸਿੰਘ ਸਕੱਤਰ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਸ: ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਜਥਾ ਰਵਾਨਾ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਵੀਜ਼ੇ ਲੱਗਣ ਲਈ 215 ਨਾਵਾਂ ਵਾਲੀ ਸੂਚੀ ਕੇਂਦਰ ਅਤੇ ਪਾਕਿਸਤਾਨ ਦੂਤਘਰ ਨੂੰ ਭੇਜੀ ਗਈ ਸੀ, ਜਿਸ ਵਿਚ 20 ਸ਼ਰਧਾਲੂਆਂ ਦੇ ਨਾਂਅ ਕੇਂਦਰ ਸਰਕਾਰ ਤੇ ਪਾਕਿਸਤਾਨ ਦੂਤਘਰ ਨੇ ਕੱਟ ਦਿੱਤੇ ਹਨ