ਚੰਡੀਗੜ੍ਹ (26 ਸਤੰਬਰ, 2014): ਪੰਜਾਬ ਵਿੱਚ 90ਵਿਆਂ ਦੇ ਦੌਰਾਨ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਵਿੱਚ ਪਲਿਸ ਵੱਲੋਂ ਇਨਾਮਾਂ ਦੀਆਂ ਵੱਡੀਆਂ ਰਕਮਾਂ ਅਤੇ ਤਰੱਕੀਆ ਲੈਣ ਦੇ ਲਾਲਚ ਵਿੱਚ ਨਾਮੀ ਖਾੜਕੂਆਂ ਦੀ ਜਗ੍ਹਾ ਆਮ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ।ਅਜਿਹੇ ਇੱਕ ਨਹੀਂ ਅਨੇਕਾਂ ਕੇਸ ਜਨ, ਜਿਨਾਂ ਵਿੱਚ ਪੁਲਿਸ ਵੱਲੋਂ ਮੁਕਾਬਲਿਆਂ ਦੌਰਾਨ ਮਾਰੇ ਖਾੜਕੂਆਂ ਦੇ ਨਾਮ ‘ਤੇ ਮੋਟੀਆਂ ਇਨਾਮੀ ਰਕਮਾਂ ਅਤੇ ਅਹੁਦੇ ਪ੍ਰਾਪਤ ਕੀਤੇ।
ਅਜਿਹੇ ਹੀ ਇੱਕ ਕੇਸ ਵਿੱਚ ਮਾਝਾ ਐਕਸ ਸਰਵਿਸਮੈਨ ਹਿਊਮਨ ਰਾਈਟਸ ਫਰੰਟ ਦੇ ਚੇਅਰਮੈਨ (ਰਿਟਾ.) ਕਰਨਲ ਜੀ. ਐਸ. ਸੰਧੂ ਨੇ ਅੱਜ ਪੰਜਾਬ ਦੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਗੰਭੀਰ ਦੋਸ਼ ਲਾਉਂਦਿਆਂ 1994 ਚ ਖਾਲਿਸਤਾਨੀ ਗੁਰਨਾਮ ਸਿੰਘ ਬੰਡਾਲਾ ਦੀ ਥਾਂ ਕਥਿਤ ਤੌਰ ਤੇ ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਸੁਖਪਾਲ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਕਰਨ ਦੇ ਦੋਸ਼ ਲਾਉਂਦਿਆਂ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਰਨਲ ਜੀ. ਐਸ. ਸੰਧੂ ਨੇ ਦੱਸਿਆ ਕਿ 1994 ਚ ਪੁਲਿਸ ਨੂੰ ਲੋੜੀਂਦੇ ਖਾਲਿਸਤਾਨੀ ਗੁਰਨਾਮ ਸਿੰਘ ਬੰਡਾਲਾ ਤੇ 25 ਲੱਖ ਦਾ ਇਨਾਮ ਸੀ। ਉਸ ਵੇਲੇ ਪਰਮਰਾਜ ਰੋਪੜ ਦੇ ਡੀ. ਐਸ. ਪੀ. ਸਨ ਤੇ ਉਨ੍ਹਾਂ ਮੋਟਾ ਇਨਾਮ ਪ੍ਰਾਪਤ ਕਰਨ ਲਈ ਉਸ ਵੇਲੇ ਪੁਲਿਸ ਵਲੋਂ ਚੁੱਕੇ ਗਏ ਸੁਖਪਾਲ ਸਿੰਘ ਨੂੰ ਹੀ ਕਥਿਤ ਤੌਰ ਤੇ ਝੂਠੇ ਪੁਲਿਸ ਮੁਕਾਬਲੇ ਚ ਮਾਰਕੇ ਗੁਰਨਾਮ ਸਿੰਘ ਬੰਡਾਲਾ ਵਜੋਂ ਪੇਸ਼ ਕੀਤਾ ਸੀ।
ਕਰਨਲ ਸੰਧੂ ਨੇ ਦੱਸਿਆ ਕਿ ਸੁਖਪਾਲ ਸਿੰਘ ਪਿੰਡ ਕਾਲਾ ਅਫਗਾਨਾ ਦਾ ਵਾਸੀ ਤੇ ਉਸ ਦੇ ਪਿਤਾ ਦਾ ਨਾਂਅ ਜਗੀਰ ਸਿੰਘ ਸੀ। 1994 ਤੋਂ ਬਾਦ ਉਨ੍ਹਾਂ ਦੇ ਪੁੱਤਰ ਦਾ ਕੋਈ ਥਹੁੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਚਾਨਕ 1998 ਚ ਬਟਾਲਾ ਦੇ ਤਤਕਾਲੀਨ ਐਸ ਐਸ ਪੀ ਲੋਕ ਨਾਥ ਆਂਗਰਾ ਨੇ ਬੰਡਾਲਾ ਨੂੰ ਜਿੰਦਾ ਗ੍ਰਿਫਤਾਰ ਕਰ ਲਿਆ।
ਇਸ ਦੌਰਾਨ ਸੁਖਪਾਲ ਦੇ ਮਾਪੇ ਉਸ ਨੂੰ ਫਿਰੋਜ਼ਪੁਰ ਜੇਲ੍ਹ ਚ ਜਾ ਕੇ ਮਿਲੇ ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਦਾ ਝੂਠਾ ਪੁਲਿਸ ਮੁਕਾਬਲਾ ਕਰ ਦਿਤਾ ਗਿਆ ਹੈ। ਕਰਨਲ ਸੰਧੂ ਨੇ ਇਸ ਬਾਬਤ ਤਤਕਾਲੀਨ ਅਖਬਾਰਾਂ ਦੀਆਂ ਕਟਿੰਗਾਂ ਪੇਸ਼ ਕਰਦਿਆਂ ਦੱਸਿਆ ਕਿ ਬੰਡਾਲਾ ਇਸ ਬਾਬਤ ਆਪਣੀ ਸਜ਼ਾ ਭੁਗਤ ਕੇ 2007 ਚ ਰਿਹਾਅ ਹੋ ਕੇ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਕਰਨਲ ਸੰਧੂ ਨੇ ਕਿਹਾ ਕਿ ਮਾਮਲੇ ਦੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਚ ਇਕ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਸੁਖਪਾਲ ਦੇ ਪਰਿਵਾਰ ਵਲੋਂ ਹਾਈਕੋਰਟ ਚ ਉਮਰਾਨੰਗਲ ਖਿਲਾਫ ਇਕ ਰਿਟ ਪਾਈ ਹੋਈ ਹੈ ਪਰ ਹੁਣ ਉਮਰਾਨੰਗਲ ਵਲੋਂ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਪਰਿਵਾਰ ਆਪਣੀ 2 ਕਣਾਲ ਜ਼ਮੀਨ ਤੇ ਘਰ ਵੇਚਕੇ ਕਿਤੇ ਹੋਰ ਲੋੁਕ ਛਿਪ ਕੇ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਪੇਸ਼ੀ 4 ਨਵੰਬਰ ਦੀ ਹੈ ਜਿਸ ਦੌਰਾਨ ਹਾਈਕੋਰਟ ਤੋਂ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਜਾਵੇਗੀ।
ਇਸ ਸਬੰਧੀ ਜਦੋਂ ਉਮਰਾਨੰਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਚ ਹੈ। ਇਸ ਲਈ ਉਹ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।