ਬਠਿੰਡਾ (12 ਮਈ, 2015): ਬਠਿੰਡਾ ਪੁਲਿਸ ਵੱਲੋਂ ਬੱਬਰ ਖਾਲਸਾ ਜਥੇਬੰਦੀ ਨਾਲ ਸਬੰਧਿਤ ਦੱਸਕੇ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਰਮਨਦੀਪ ਸਿੰਘ ਉਰਫ਼ ਸਨੀ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਮਾਣਯੋਗ ਹਾਈਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ।

ਦੱਸਣਯੋਗ ਹੈ ਕਿ ਰਮਨਦੀਪ ਸਿੰਘ ਬਠਿੰਡਾ ਨੂੰ ਸੀ. ਆਈ. ਏ. ਸਟਾਫ਼ ਬਠਿੰਡਾ ਨੇ 9 ਨਵੰਬਰ 2014 ਨੂੰ ਧੋਬੀਆਣਾ ਬਸਤੀ ਬਠਿੰਡਾ ‘ਚੋਂ ਗਿ੍ਫ਼ਤਾਰ ਕੀਤਾ ਸੀ ਅਤੇ ਪੁਲਿਸ ਨੇ ਉਸ ਕੋਲ ਖਾੜਕੂ ਜਥੇਬੰਦੀ ਦੇ ਲੈਟਰਪੈਡ ਅਤੇ ਕੁਝ ਧਮਾਕੇਖੇਜ਼ ਸਮੱਗਰੀ ਹੋਣ ਦਾ ਦਾਅਵਾ ਕੀਤਾ ਸੀ ।
ਪੁਲਿਸ ਨੇ ਸੰਨੀ ਦੇ ਵਿਰੁੱਧ ਦੇਸ਼ ਧਰੋਹੀ ਦਾ ਮਾਮਲਾ ਦਰਜ ਕਰਨ ਉਪਰੰਤ ਲਗਾਤਾਰ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਪ੍ਰੰਤੂ ਪੁਲਿਸ ਸੰਨੀ ਕੋਲੋਂ ਕੁਝ ਬਰਾਮਦ ਨਹੀਂ ਕਰ ਸਕੀ ਸੀ ।
ਸਿੱਖ ਜਥੇਬੰਦੀਆਂ ਨੇ ਰਮਨਦੀਪ ਸਿੰਘ ਦੇ ਹੱਕ ‘ਚ ਲਗਾਤਾਰ ਕੇਸ ਦੀ ਪੈਰਵੀ ਕੀਤੀ ਜਿਸ ਕਰਕੇ ਪੰਥਕ ਜਥੇਬੰਦੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਅਤੇ ਜਸਨਦੀਪ ਸਿੰਘ ਸੰਧੂ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਤਕਰੀਬਨ ਇਕ ਮਹੀਨਾ ਪਹਿਲਾਂ ਰਮਨਦੀਪ ਸਿੰਘ ਦੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ‘ਤੇ ਅੱਜ ਹਾਈਕੋਰਟ ਨੇ ਫ਼ੈਸਲਾ ਦਿੰਦਿਆਂ ਰਮਨਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ।
ਪੰਥਕ ਜਥੇਬੰਦੀ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲਿਆਂ ਨੇ ਰਮਨਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ ।