ਲੰਡਨ (24 ਮਈ , 2015): ਭਾਰਤ ਦੀਆਂ ਵੱਖ ਵੱਖ ਜੇਲ਼ਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਜਿੱਥੇ ਪੰਥ ਪੰਜਾਬ ਅਤੇ ਭਾਰਤ ਵਿੱਚ ਜੱਦੋਜਹਿਦ ਕਰ ਰਿਹਾ ਹੈ, ਉੱਥੇ ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਸਿੱਖ ਭਾਰਤ ਸਰਕਾਰ ਦੇ ਸਿੱਖ ਰਾਜਸੀ ਕੈਦੀਆਂ ਪ੍ਰਤੀ ਕੁਰੱਖਤ ਰਵੱਈਏ ਪ੍ਰਤੀ ਆਵਾਜ਼ ਉਠਾ ਰਹੇ ਹਨ।

ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਬਰਤਾਨੀਆਂ ਦੇ ਵਿਦੇਸ਼ ਅਤੇ ਕਾਮਨਵੈਲਥ ਦਫਤਰ ਦੇ ਮੁਖੀ ਸ਼ਤੀਸ਼ ਲਹਿਰ, ਪ੍ਰਧਾਨ ਮੰਤਰੀ ਦਫਤਰ ਅਤੇ ਅਮਰੀਕਾ ਅੰਬੈਸੀ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਸਿੱਖ ਰਾਜਸੀ ਕੈਦੀਆਂ ਦੇ ਮੁੱਦੇ ਤੋਂ ਜਾਣੂ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਯਾਦ ਪੱਤਰ ਸੌਾਪੇ ਗਏ ।
ਫੈਡਰੇਸ਼ਨ ਦੇ ਭਾਈ ਦਬਿੰਦਰਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਸੀਨੀਅਰ ਮੀਤ ਪ੍ਰਧਾਨ ਨੇ ਇਨ੍ਹਾਂ ਮੀਟਿੰਗਾਂ ਮੌਕੇ ਬਾਪੂ ਸੂਰਤ ਸਿੰਘ ਵੱਲੋਂ ਸਿੱਖ ਕੈਦੀਆਂ ਲਈ ਕੀਤੀ ਗਈ ਭੁੱਖ ਹੜਤਾਲ ਦਾ ਪੂਰਾ ਵੇਰਵਾ ਦਿੱਤਾ ।ਉਨ੍ਹਾਂ ਬਾਪੂ ਸੂਰਤ ਸਿੰਘ ਦੇ ਸਪੁੱਤਰ ਦੀ ਹੋਈ ਗਿ੍ਫਤਾਰੀ ਤੇ ਤਸ਼ੱਦਦ ਬਾਰੇ ਵੀ ਜਾਣਕਾਰੀ ਦਿੱਤੀ ।
ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ‘ਚ ਸਿੱਖ ਮੁੱਦਿਆਂ ਨੂੰ ਲੈ ਕੇ ਲੰਮੇਂ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਪਰ ਅਫਸੋਸ ਕਿ ਘੱਟ ਗਿਣਤੀ ਭਾਈਚਾਰਿਆਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਹੀ ਯਤਨ ਹੁੰਦੇ ਰਹੇ ਹਨ ।ਫੈਡਰੇਸ਼ਨ ਵੱਲੋਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਗਈਆਂ ਹਨ।