ਚੰਡੀਗੜ੍ਹ (24 ਮਈ,2015): ਪੁਲਿਸ ਕੈਟ ਤੋਂ ਪੁਲਿਸ ਅਧਿਕਾਰੀ ਬਣਨ ਵਾਲੇ ਗੁਰਮੀਤ ਪਿੰਕੀ ਨੇ ਇੱਕ ਮੀਡੀਆ ਮੁਲਾਕਾਤ ਦੌਰਾਨ ਲੋਕਾਂ ਨਾਲ ਜ਼ਿਆਦਤੀਆਂ ਕਰਨ ਨੂੰ ਕਬੂਲ ਕਰਦਿਆਂ ਉਸ ਨੇ ਕਿਹਾ ਕਿ ਹਾਂ, ਮੈ ਨੇ ਜ਼ਿਆਦਤੀਆਂ ਕੀਤੀਆਂ ਹਨ।

ਉਸਨੇ ਹੋਰ ਇੰਕਸਾਫ ਕਰਦਿਆਂ ਕਿਹਾ ਕਿ ਮੈਂ ਅਤੇ ਬੀਤੇ ਸਮੇਂ ‘ਚ ਜੇਲ੍ਹ ਅੰਦਰ ਕਤਲ ਕਰ ਦਿੱਤਾ ਗਿਆ ਬਦਨਾਮ ਨਿਹੰਗ ਅਜੀਤ ਪੂਹਲਾ ਮੌਜੂਦਾ ਡੀ.ਜੀ.ਪੀ. ਸੁਮੇਧ ਸੈਣੀ ਦੇ ਖਾਸ ਬੰਦੇ ਰਹੇ ਹਾਂ, ਇਸੇ ਲਈ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪੂਹਲੇ ਨੂੰ ਤਾਂ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਉਸ ਦੀ ਵਾਰੀ ਹੈ, ਲੱਗਦਾ ਹੈ ਹੁਣ ਉਸ ਦਾ ਟਾਈਮ ਨੇੜੇ ਹੀ ਹੈ, ਹੋ ਸਕਦਾ ਹੈ ਉਸ ਨੂੰ ਖ਼ਤਮ ਕਰਵਾ ਦਿੱਤਾ ਜਾਵੇ, ਉਸ ‘ਤੇ ਪਰਚਾ ਦਰਜ ਕਰਵਾ ਦਿੱਤਾ ਜਾਵੇ ਜਾਂ ਉਸ ਨੂੰ ਜੇਲ੍ਹ ਅੰਦਰ ਡੱਕ ਦਿੱਤਾ ਜਾਵੇ ।
ਉਸਨੇ ਕਿਹਾ ਕਿ ਉਹ ਕਦੇ ਵੀ ਗ਼ਲਤ ਨਹੀਂ ਰਿਹਾ ਬਲਕਿ ਉਸ ਨੂੰ ਅਦਾਲਤ ਨੇ ਗੋਲਾ ਕਤਲ ਕਾਂਡ ‘ਚ ਗ਼ਲਤ ਸਜ਼ਾ ਸੁਣਾਈ ਸੀ ਅਤੇ ਉਸ ਨੇ ਨਜਾਇਜ਼ ਹੀ 9 ਸਾਲ ਕੈਦ ਕੱਟੀ ਹੈ ।ਹੈਰਾਨੀ ਦੀ ਗੱਲ ਹੈ ਕਿ ਪਿੰਕੀ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਪਿਛਲੇ 5 ਸਾਲਾਂ ਤੋਂ ਸੁਮੇਧ ਸੈਣੀ ਨੂੰ ਨਹੀਂ ਮਿਲਿਆ ।
ਬਹਾਲ ਕੀਤੇ ਜਾਣ ਪਿੱਛੋਂ ਬਰਖਾਸਤ ਕੀਤੇ ਜਾਣ ਉਪਰੰਤ ਉੱਠੇ ਵਿਵਾਦ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੇ ਜਾਣ ਬਾਰੇ ਮੀਡੀਆ ‘ਚ ਛਪੀਆਂ ਖ਼ਬਰਾਂ ਦੇ ਜੁਆਬ ‘ਚ ਪਿੰਕੀ ਨੇ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਉਸ ਦੇ ਰਿਸ਼ਤੇਦਾਰ ਭਾਜਪਾ ਆਗੂ ਉਸ ਦੀ ਠੋਕ ਕੇ ਮੱਦਦ ਕਰ ਰਹੇ ਹਨ ।
ਜ਼ਿਕਰਯੋਗ ਹੈ ਕਿ ਉਮਰ ਕੈਦੀ ਪਿੰਕੀ ਦੀ ਸਮੇਂ ਤੋਂ ਪਹਿਲਾਂ ਮਹਿਜ਼ 7 ਸਾਲਾਂ ‘ਚ ਹੀ ਪੁਲਿਸ ਅਧਿਕਾਰੀਆਂ ਵੱਲੋਂ ਆਪਣਾ ਪ੍ਰਭਾਵ ਵਰਤ ਕੇ ਕਰਵਾਈ ਗਈ ਰਿਹਾਈ ਦੇ ਖਿਲਾਫ਼ ਕਤਲ ਕੀਤੇ ਗਏ ਅਵਤਾਰ ਸਿੰਘ ਗੋਲਾ ਦੇ ਪਿਤਾ ਅਮਰੀਕ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਰਿੱਟ ਦਾਇਰ ਕਰ ਰੱਖੀ ਹੈ, ਜਿਸ ਵਿਚ 28 ਜੁਲਾਈ ਨੂੰ ਪੰਜਾਬ ਸਰਕਾਰ ਨੇ ਆਪਣਾ ਜੁਆਬ ਦੇਣਾ ਹੈ ।