ਟੋਰਾਂਟੋ (8 ਸਤੰਬਰ, 2015): ਸਿੱਖਾਂ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਗੁਰੁ ਸਾਹਿਬਾਨ ਦੇ ਦੱਸੇ ਰਸਤੇ ‘ਤੇ ਚੱਲ ਕੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਸਿੱਖ ਉਹ ਭਾਵੇਂ ਪੰਜਾਬ ਦੀ ਧਰਤੀ ‘ਤੇ ਪੈਦਾ ਹੋਇਆ ਹੋਵੇ ਜਾਂ ਹੋਰ ਕਿਤੇ, ਜਦੋਂ ਉਹ ਸਿੱਖ ਸਿਢਾਂਤਾਂ ‘ਤੇ ਚੱਲਦਾ ਹੋਇਆ ਆਪਾ ਗੂਰੂ ਨੂੰ ਸਮਰਪਿਤ ਹੋਕੇ ਹਰ ਕਾਰਜ਼ ਗੁਰਮਤਿ ਦੀ ਰੌਸ਼ਨੀ ਵਿੱਚ ਕਰਦਾ ਹੈ ਤਾਂ ਉਹ ਪੂਰੀ ਕੌਮ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੰਦਾ ਹੈ।

ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਹਰ ਵਾਰ ਵਾਂਗ ੲਿਸ ਵਾਰ ਵੀ ਮੈਦਾਨ ਵਿੱਚ ਦਰਜਨ ਦੇ ਕਰੀਬ ਪੰਜਾਬੀ ਹਨ ਪਰ ਸਿੱਖ ਸਜੇ ੲਿੱਕ ਗੋਰੇ ਦਾ ਮੈਦਾਨ ’ਚ ਆਉਣਾ ਅਨੋਖੀ ਗੱਲ ਹੈ। ਮਾਰਟਿਨ ਸਿੰਘ ਪਹਿਲੀ ਵਾਰ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੇ ਉੱਤਰੀ ਹਲਕੇ ਤੋਂ ਨਿੳੂ ਡੈਮੋਕ੍ਰੈਟਿਕ ਪਾਰਟੀ ਵੱਲੋਂ ਖੜ੍ਹਾ ਹੈ ਜਿਥੇ ਉਸ ਦਾ ਮੁਕਾਬਲਾ ਸਾਬਕਾ ਐਮਪੀ ਪਰਮ ਗਿੱਲ (ਕੰਜ਼ਰਵੇਟਿਵ) ਅਤੇ ਰੂਬੀ ਸਹੋਤਾ (ਲਿਬਰਲ) ਨਾਲ ਹੋਵੇਗਾ।
1991 ’ਚ ਸਿੱਖ ਧਰਮ ਅਪਨਾਉਣ ਵਾਲਾ ਮਾਰਟਿਨ ਸਿੰਘ ਸਿਆਸੀ ਮੰਚ ’ਤੇ ਐਨਡੀਪੀ ਦੇ ਸਾਬਕਾ ਲੀਡਰ ਜੈਕ ਲੇਟਨ ਦੀ ਮੌਤ ਮਗਰੋਂ ਲੀਡਰਸ਼ਿਪ ਦੀ ਦੌੜ ’ਚ ਸ਼ਾਮਲ ਹੋਣ ਵੇਲੇ ਉੱਭਰਿਆ ਸੀ । ਡਲਹੌਜ਼ੀ ’ਵਰਸਿਟੀ ਤੋਂ ਕੈਮੀਕਲ ਇੰਜਨੀਰਿੰਗ ਦੀ ਡਿਗਰੀ ਪ੍ਰਾਪਤ ਨੋਵਾ ਸਕੋਸ਼ੀਆ ਪ੍ਰਾਂਤ ਦਾ ਫਾਰਮਾਸਿਸਟ ਮਾਰਟਿਨ ਸਿੰਘ ਸਿੱਖ ਧਰਮ ਬਾਰੇ ਪੜ੍ਹਦਾ ਖੋਜਦਾ ੲਿੰਨਾ ਪ੍ਰਭਾਵਤ ਹੋਇਆ ਕਿ ਖੁਦ ਸਿੰਘ ਸਜ ਗਿਆ।
42 ਸਾਲਾ ਮਾਰਟਿਨ ਸਿੰਘ ਨੇ 1993 ’ਚ ਅੰਮ੍ਰਿਤ ਛਕਿਆ। ਉਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ। ਕੁਝ ਵਰ੍ਹੇ ਪਹਿਲਾ ਉਹ ਹੈਲੀਫੈਕਸ ਦੇ ‘ਮੈਰੀਟਾਈਮ ਸਿੱਖ ਸੁਸਾਇਟੀ’(ਗੁਰਦੁਅਾਰਾ) ਦਾ ਪ੍ਰਧਾਨ ਵੀ ਰਿਹਾ ਹੈ ਅਤੇ ਹੁਣ ਫਾਰਮੇਸੀ ਕਾਰੋਬਾਰ ਵਿੱਚ ਸ਼ਾਮਲ ਹੈ। ਅੰਗਰੇਜ਼ੀ ਤੇ ਫਰੈਂਚ ’ਚ ਮੁਹਾਰਤ ਰੱਖਣ ਵਾਲਾ ਇਹ ਇਨਸਾਨ ਪੰਜਾਬੀਅਤ ਤੇ ਸਿੱਖ ਰਵਾਇਤਾਂ ਨਾਲ ਮੋਹ ਕਾਰਨ ਪੰਜਾਬੀ ਭਾਈਚਾਰੇ ਨਾਲ ਜੁੜ ਗਿਆ। 19 ਅਕਤੂਬਰ ਨੂੰ ਹੋ ਰਹੀਆਂ ਚੋਣਾਂ ’ਚ ਉਸ ਦੀ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਵੱਲੋਂ ਕਾਫੀ ਯੋਗਦਾਨ ਮਿਲ ਰਿਹਾ ਹੈ।