ਹੁਸ਼ਿਆਰਪੁਰ ( 25 ਮਈ 2915): ਸਿੱਖ ਹਿੱਤਾਂ ਕਈ ਤੱਤਪਰ ਸਿੱਖ ਰਾਜਸੀ ਜੱਥੇਬੰਦੀ ਦਲ ਖਾਲਸਾ ਨੇ ਪੁਲਿਸ ਕੈਟ ਅਤੇ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਪਿੰਕੀ ਦੀ ਵਿਵਾਦਤ ਨੌਕਰੀ ‘ਤੇ ਬਹਾਲੀ ਤੇ ਪੰਜਾਬ ਦੀ ਸੱਤਾਧਾਰੀ ਧਿਰ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਆਪਾ ਵਿਰੋਧੀ ਬਿਆਨ ਜਾਰੀ ਕਰਨ ਅਤੇ ਇਸ ਮਸਲੇ ‘ਤੇ ਜਾਣ ਬੁੱਝਕੇ ਚੁੱਪ ਸਾਧ ਕੇ ਜਨਤਾ ਨੂੰ ਧੋਖਾ ਦੇਣ ‘ਤੇ ਡੂੰਘੇ ਦੁੱਖ ਅਤੇ ਚਿਂੰਤਾ ਦਾ ਪ੍ਰਗਟਾਵਾ ਕੀਤਾ ਹੈ।
ਜੱਥੇਬੰਦੀ ਨੇ ਮੀਡੀਆ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਮੀਡੀਆ ਆਪਣਾ ਫਰਜ਼ ਨਹੀਂ ਨਿਭਾਅ ਰਿਹਾ ਅਤੇ ਪੱਖਪਾਤ ਕਰ ਰਿਹਾ ਹੈ।

ਦਲ ਖਾਲਸਾ ਦੇ ਪ੍ਰਧਾਨ ਸ੍ਰ. ਹਰਚਰਨਜੀਤ ਸਿੰਘ ਧਾਮੀ ਨੇ ਸੁਖਬੀਰ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇਸ ਵਿਵਾਦ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਜਦ ਕਿ ਉਹ ਪੁਲਿਸ ਵਿਭਾਗ ਦਾ ਮੰਤਰਾਲਾ ਉਨ੍ਹਾਂ ਅਧੀਨ ਆਉਦਾ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ‘ਤੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਪਿੰਕੀ ਹਮੇਸ਼ਾਂ ਮੁੱਖੀ ਪੁਲਿਸ ਅਫਸਰਾਂ ਦਾ ਚਹੇਤਾ ਰਿਹਾ ਹੈ। ਉਸਦੀ ਪੁਲਿਸ ਮੁਖੀ ਸੈਣੀ ਨਾਲ ਨੇੜਤਾ, ਕਤਲ ਕੇਸ ਵਿੱਚ ਜੇਲ ਕੱਟਣ ਸਮੇਂ ਵਿਸ਼ੇਸ਼ ਸਹੁਲਤਾਂ ਅਤੇ ਕਤਲ ਕੇਸ ਵਿੱਚ ਸਮੇਂ ਤੋਂ ਪਹਿਲਾਂ ਰਿਹਾਈ ਕਿਸੇ ਨੂੰ ਸ਼ੱਕ ਵਿੱਚ ਨਹੀਂ ਰਹਿਣ ਦਿੰਦੀ ਕਿ ਉਸ ਦੀ ਮੁੜ ਬਹਾਲੀ ਪੁਲਿਸ ਮੁੱਖੀ ਵੱਲੋਂ ਹੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਮਰਜ਼ੀ ਬਿਨਾਂ ਤਾਂ ਪੱਤਾ ਤੱਕ ਨਹੀਂ ਸੀ ਹਿਲਦਾ, ਫਿਰ ਦਰਖ਼ਤ (ਗੁਰਮੀਤ ਸਿੰਘ ਪਿੰਕੀ) ਦੀ ਪੁਨਰ ਨਿਯੁਕਤੀ ਦਾ ਮਾਮਲਾ ਉਨ੍ਹਾਂ ਦੀ ਰਜ਼ਾ ਬਿਨਾਂ ਕਿਵੇਂ ਹਿੱਲ ਗਿਆ। ਇਕ ਡੀਆਈਜੀ ਬਰਖਾਸਤ ਤੇ ਵਿਵਾਦਤ ਪੁਲੀਸ ਕਰਮੀ ਪਿੰਕੀ ਨੂੰ ਪੁਲੀਸ ਮੁਖੀ ਦੀ ਹਾਮੀ ਤੋਂ ਬਿਨਾਂ ਬਹਾਲ ਕਿਵੇਂ ਕਰ ਸਕਦਾ ਹੈ? ਯਕੀਨਨ ਪਿੰਕੀ ਦੀ ਬਹਾਲ ਕਰਨ ਦੀ ਕਾਰਵਾਈ ਉੱਚ ਅਧਿਕਾਰੀ ਵੱਲੋਂ ਕੀਤੀ ਗਈ ਸੀ, ਜਦੋਂ ਇਸ ਮਾਮਲੇ ਨੇ ਉਲਟਾ ਰੁਖ ਅਖਤਿਆਰ ਕਰ ਲਿਆ ਤਾਂ ਡੀਆਈਜੀ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ।
ਇਹ ਜੱਗ ਜ਼ਾਹਿਰ ਹੈ ਕਿ ਪਿੰਕੀ ਨੂੰ ਮੁੱਢ ਤੋਂ ਹੀ ਸ੍ਰੀ ਸੈਣੀ ਦਾ ਥਾਪੜਾ ਰਿਹਾ ਹੈ। ਸ਼ਾਇਦ ਇਸੇ ਕਾਰਨ ਹੀ ਪਿੰਕੀ ਦੀ ਖੁੱਲ੍ਹੀ ਜੇਲ੍ਹ ਨਾਭਾ ਵਿੱਚ ਉਸ ਦੇ ‘ਸਾਊ’ ਵਤੀਰੇ ਨੂੰ ਆਧਾਰ ਬਣਾ ਕੇ ਪਿਛਲੇ ਵਰ੍ਹੇ ਰਾਤੋ-ਰਾਤ ਹੀ ਅਗੇਤੀ ਰਿਹਾਈ ਕੀਤੀ ਗਈ ਸੀ।
ਮੀਡੀਆ ਵਿੱਚ ਨਸ਼ਰ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਵਧੀਕ ਡੀਜੀਪੀ ਨੂਮ ਅਚਾਨਕ ਪਿੰਕੀ ਦੀ ਬਹਾਲੀ ਬਾਰੇ ਪਤਾ ਲੱਗਦਾ ਹੈ ਅਤੇ ਉਹ ਇਸ ਬਾਰੇ ਡੀਜੀਪੀ ਨੂੰ ਸੂਚਿਤ ਕਰਦਾ ਹੈ ਅਤੇ ਡੀਜੀਪੀ ਅੱਗੇ ਇਸ ਬਾਰੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਜਾਣਕਾਰੀ ਦਿੰਦਾ ਹੈ। ਇੱਥੋਂ ਹੀ ਮੁੜ ਬਹਾਲੀ ਦੇ ਹੁਕਮਾਂ ‘ਤੇ ਰੋਕ ਦਾ ਅਮਲ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਮਝਦਾਰ ਬੰਦਾ ਬੜੀ ਸੌਖੀ ਤਰਾਂ ਸਮਝ ਸਕਦਾ ਹੈ ਕਿ ਪੁਲਿਸ ਮੁਖੀ ਨੂੰ ਇਸ ਮਾਮਲੇ ਚੋਂ ਸਾਫ ਬਚਾਉਣ ਵਾਸਤੇ ਇਹ ਘਾੜਤ ਗਈ ਸੀ।
ਮੀਡੀਆ ਦੇ ਇੱਕ ਹਿੱਸੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਪਿੰਕੀ ਦੀ ਬਾਹਲੀ ਡੀਆਈਜੀ ਵੱਲੋਂ ਕੀਤੀ ਗਈ ਸੀ ਅਤੇ ਉੱਚ ਅਧਿਕਾਰੀਆਂ ਦੀ ਇਸ ਵਿੱਚ ਕੋਈ ਭੁਮਿਕਾ ਨਹੀਂ ਸੀ।ਉਨ੍ਹਾਂ ਨੂੰ ਜਦ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਦਕਿ ਮੀਡੀਆ ਦੇ ਦੂਸਰੇ ਹਿੱਸੇ ਵੱਲੋਂ ਇਹ ਤੱਥ ਸਾਹਮਣੇ ਲਿਆਦਾ ਗਿਆ ਕਿ ਇਸ ਮਾਮਲੇ ਵਿੱਚ ਡੀਜੀਪੀ ਦਫਤਰ ਅਤੇ ਸਰਕਾਰ ਦੀ ਮਿਲੀ ਭੁਗਤ ਸੀ।ਉਨ੍ਹਾਂ ਕਿਹਾ ਕਿ ਲੋਕ ਦੁਬਿਧਾ ਵਿੱਚ ਹਨ ਕਿ ਕਿਸ ‘ਤੇ ਯਕੀਨ ਕਰਨ।
ਦਲ ਖਾਲਸਾ ਮੁਖੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸੱਚਾਈ ਸਾਹਮਣੇ ਲਿਆ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਿੰਕੀ ਨੂੰ ਇੱਕ ਬੇਕਸੂਰ ਅੱਲੜ ਉਮਰ ਦੇ ਮੁੰਡੇ ਨੂੰ ਕਤਲ ਕਰਨ ਕਰਕੇ ਉਮਰ ਕੈਦ ਦੀ ਸਜ਼ਾ ਹੋਈ ਸੀ, ਜਿਸਦਾ ਖਾੜਕੂਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਸੀ।ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਦੁਖੀ ਪਰਿਵਾਰ ਨਿਆ ਦੀ ਉਡੀਕ ਕਰ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਮੁੱਖ ਉਨ੍ਹਾਂ ਦਾ ਹੌਸਲਾ ਨਹੀਂ ਤੋੜਨਗੇ।
ਉਨ੍ਹਾਂ ਨੇ ਬੀਜੇਪੀ ਵੱਲੋਂ ਕਾਤਲ ਪੁਲਸੀਏ ਦੀ ਮੱਦਦ ਕਰਨ ਦੀ ਆਲੋਚਨਾ ਕਰਦਿਆ ਬਾਦਲ ਦਲ, ਕਾਂਗਰਸ ਅਤੇ ਆਪ ਪਾਰਟੀ ਵੱਲੋਂ ਇਸ ਮਾਮਲੇ ‘ਤੇ ਮੋਨ ਧਾਰਨ ਦੀ ਸਖਤ ਨਿਖੇਧੀ ਕੀਤੀ।